ਅਕਸ਼ਰ ਪਟੇਲ ਤੇ ਸੂਰਿਯਾਕੁਮਾਰ ਯਾਦਵ ਦੀਆਂ ਤੂਫਾਨੀ ਪਾਰੀਆਂ ਦੇ ਬਾਵਜੂਦ ਹਾਰਿਆ ਭਾਰਤ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ ਦੇ ਦੂਜੇ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਹਾਲਾਂਕਿ ਭਾਰਤੀ ਬੱਲੇਬਾਜ਼ ਅਕਸ਼ਰ ਪਟੇਲ ਤੇ ਸੂਰਿਯਾਕੁਮਾਰ ਯਾਦਵ ਨੇ ਤੂਫਾਨੀ ਪਾਰੀਆਂ ਖੇਡੀਆਂ ਪਰ ਉਹ ਟੀਮ ਦੀ ਝੋਲੀ ਜਿੱਤ ਨਹੀਂ ਪਾ ਸਕੇ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ ਪਰ ਭਾਰਤੀ ਗੇਂਦਬਾਜ਼ ਲੈਅ ਵਿਚ ਨਹੀਂ ਦਿਖੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਕਪਤਾਨ ਸ਼ਨਕਾ ਦੀ 22 ਗੇਂਦਾਂ ਵਿਚ 56 ਦੌੜਾਂ ਦੀ ਅਜੇਤੂ ਪਾਰੀ ਅਤੇ ਕੁਸ਼ਲ ਮੈਂਡਿਸ ਦੇ ਅਰਧ ਸੈਂਕੜੇ ਸਦਕਾ ਭਾਰਤ ਸਾਹਮਣੇ 207 ਦੌੜਾਂ ਦਾ ਵੱਡਾ ਟੀਚਾ ਰੱਖਿਆ ਗਿਆ। ਪਹਿਲੀ ਪਾਰੀ ਵਿਚ ਅਰਸ਼ਦੀਪ ਸਿੰਘ ਨੇ ਬੇਹੱਦ ਖਰਾਬ ਪ੍ਰਦਰਸ਼ਨ ਕਰਦਿਆਂ 5 ਨੋ ਬਾਲਜ਼ ਸੁੱਟੀਆਂ। ਉਸ ਨੇ 2 ਓਵਰਾਂ ਵਿਚ 37 ਦੌੜਾਂ ਵੀ ਲੁਟਾ ਦਿੱਤੀਆਂ। ਪਿਛਲੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਿਵਮ ਮਾਵੀ ਵੀ ਕਾਫੀ ਮਹਿੰਗੇ ਸਾਬਿਤ ਹੋਏ ਤੇ ਆਪਣੇ 4 ਓਵਰਾਂ ਵਿਚ 53 ਦੌੜਾਂ ਦਿੱਤੀਆਂ। ਹਾਲਾਂਕਿ ਉਮਰਾਨ ਮਲਿਕ ਨੇ 3, ਅਕਸਰ ਪਟੇਲ ਨੇ 2 ਅਤੇ ਚਹਿਲ ਨੇ 2 ਵਿਕਟ ਝਟਕੀ।

ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਤੇ ਇਸ ਨੇ 57 ਦੌੜਾਂ ਦੇ ਅੰਦਰ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਉਸ ਤੋਂ ਬਾਅਦ ਅਕਸ਼ਰ ਪਟੇਲ ਨੇ 31 ਗੇਂਦਾਂ ਵਿਚ 65 ਅਤੇ ਸੂਰਿਯਾਕੁਮਾਰ ਯਾਦਵ ਨੇ 36 ਗੇਂਦਾਂ ਵਿਚ 51 ਦੌੜਾਂ ਬਣਾ ਕੇ ਜਿੱਤ ਦੀ ਆਸ ਬੰਨ੍ਹੀ। ਅਖੀਰ ਵਿਚ ਸ਼ਿਵਮ ਮਾਵੀ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਹੀ ਬਣਾ ਪਾਈ। 

ਇਸ ਦੇ ਨਾਲ ਹੀ 3 ਮੈਚਾਂ ਦੀ ਇਹ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਪਹਿਲੇ ਮੁਕਾਬਲੇ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾ ਕੇ ਲੜੀ ਵਿਚ ਲੀਡ ਕਾਇਮ ਕੀਤੀ ਸੀ ਪਰ ਇਸ ਜਿੱਤ ਨਾਲ ਸ਼੍ਰੀਲੰਕਾ ਨੇ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਸੀਰੀਜ਼ ਦਾ ਆਖਰੀ ਮੁਕਾਬਲਾ ਵੀ ਰੋਮਾਂਚਕ ਹੋ ਗਿਆ ਹੈ ਜੋ ਲੜੀ ਲਈ ਨਿਰਣਾਇਕ ਸਾਬਿਤ ਹੋਵੇਗਾ।

Add a Comment

Your email address will not be published. Required fields are marked *