ਕਾਂਗਰਸ ਨੇ ਸਰਹੱਦੀ ਖੇਤਰਾਂ ਦਾ ਵਿਕਾਸ ਨਹੀਂ ਕਰਵਾਇਆ: ਮੋਦੀ

ਦੌਸਾ , 12 ਫਰਵਰੀ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ਉੱਤੇ ਹਥਿਆਰਬੰਦ ਬਲਾਂ ਦੀ ਕਾਬਲੀਅਤ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਇਸ ਡਰੋਂ ਸਰਹੱਦੀ ਇਲਾਕਿਆਂ ਵਿੱਚ ਕਦੇ ਵਿਕਾਸ ਕਾਰਜ ਹੀ ਨਹੀਂ ਕਰਵਾਏ ਕਿ ਕਿਤੇ ਦੁਸ਼ਮਣ ਨਵੀਆਂ ਸੜਕਾਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਪਹਿਲੇ ਪੜਾਅ ਦੇ ਉਦਘਾਟਨ ਮਗਰੋਂ ਮੋਦੀ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇਗੀ। ਰਾਜਸਥਾਨ ਵਿਚਲੀ ਕਾਂਗਰਸ ਸਰਕਾਰ ਦੀ ਨਿੰਦਾ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਦੀ ਸੋਚ ਦੂਰਅੰਦੇਸ਼ੀ ਨਾ ਹੋਣ ਕਾਰਨ ਸੂਬੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀਆਂ ਯੋਜਨਾਵਾਂ ਅਤੇ ਐਲਾਨ ਸਿਰਫ਼ ਕਾਗਜ਼ੀ ਹੀ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਰਾਜਸਥਾਨ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜੇ ਇੱਥੇ ‘ਦੋਹਰੇ ਇੰਜਣ’ ਵਾਲੀ ਭਾਜਪਾ ਸਰਕਾਰ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਅਖ਼ੀਰ ਵਿੱਚ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੋਦੀ ਨੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ ਕਾਂਗਰਸ ਸਰਕਾਰਾਂ ਨੇ ਸਰਹੱਦੀ ਪਿੰਡਾਂ ਤੇ ਇਲਾਕਿਆਂ ਦਾ ਕੋਈ ਵਿਕਾਸ ਨਹੀਂ ਕਰਵਾਇਆ ਕਿਉਂਕਿ ਇਨ੍ਹਾਂ ਨੇ ਸੰਸਦ ਵਿੱਚ ਇਹ ਤੌਖਲੇ ਜ਼ਾਹਰ ਕੀਤੇ ਹਨ ਕਿ ਦੁਸ਼ਮਣਾਂ ਵੱਲੋਂ ਉਨ੍ਹਾਂ ਦੀਆਂ ਨਵੀਆਂ ਸੜਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ,‘ਕਾਂਗਰਸ ਨੇ ਹਮੇਸ਼ਾਂ ਸਾਡੀ ਫੌਜ ਦੇ ਬਹਾਦਰ ਜਵਾਨਾਂ ਦੀ ਕਾਬਲੀਅਤ ਨੂੰ ਨਜ਼ਰਅੰਦਾਜ਼ ਕੀਤਾ ਹੈ। ਸਾਡੇ ਸੁਰੱਖਿਆ ਬਲਾਂ ਨੂੰ ਪਤਾ ਹੈ ਕਿ ਸਰਹੱਦ ਪਾਰੋਂ ਆਉਂਦੇ ਦੁਸ਼ਮਣਾਂ ਨਾਲ ਕਿਵੇਂ ਸਿੱਝਣਾ ਹੈ ਅਤੇ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ  ਦੀ ਸਰਕਾਰ ਨੇ ਪਿਛਲੇ ਨੌਂ ਸਾਲਾਂ   ਵਿੱਚ ਸਰਹੱਦੀ ਖੇਤਰਾਂ ਵਿੱਚ ਸੜਕਾਂ ਅਤੇ ਰੇਲ ਨੈਟਵਰਕ ਵਿਛਾਇਆ ਹੈ।

Add a Comment

Your email address will not be published. Required fields are marked *