ਲੀਬੀਆ ‘ਚ ਫਸੇ 2 ਪੰਜਾਬੀਆਂ ਸਮੇਤ 4 ਭਾਰਤੀ ਪਰਤੇ, ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਹੋਈ ਵਾਪਸੀ

 ਲੀਬੀਆ ਦੇ ਬੇਨਗਾਜ਼ੀ ਸ਼ਹਿਰ ‘ਚ ਇਕ ਸੀਮੈਂਟ ਫੈਕਟਰੀ ਵਿੱਚ ਬੰਧਕ ਬਣਾਏ ਗਏ 9 ਪੰਜਾਬੀਆਂ ਸਮੇਤ 12 ਭਾਰਤੀਆਂ ‘ਚੋਂ 4 ਸ਼ਨੀਵਾਰ ਨੂੰ ਆਪਣੇ ਵਤਨ ਪਰਤ ਆਏ ਹਨ। ਇਨ੍ਹਾਂ ‘ਚੋਂ 2 ਪੰਜਾਬ ਦੇ ਵਸਨੀਕ ਹਨ, ਜਦਕਿ 2 ਹੋਰ ਸੂਬਿਆਂ ਦੇ ਹਨ। ਪੰਜਾਬ ਦੇ ਮੰਤਰੀ ਹਰਜੋਤ ਬੈਂਸ ਅਤੇ ਰੋਪੜ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਯਤਨਾਂ ਨਾਲ ਚਾਰੋਂ ਭਾਰਤ ਪਰਤਣ ਵਿੱਚ ਕਾਮਯਾਬ ਹੋ ਸਕੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਕੀ 8 ਭਾਰਤੀਆਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾ ਰਿਹਾ ਹੈ।

ਭਾਜਪਾ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਲੀਬੀਆ ਸਰਕਾਰ ਨਾਲ ਗੱਲ ਕੀਤੀ ਅਤੇ ਸਾਰਿਆਂ ਨੂੰ ਸੀਮੈਂਟ ਫੈਕਟਰੀ ‘ਚੋਂ ਮੁਕਤ ਕਰਵਾਇਆ। ਇਨ੍ਹਾਂ ‘ਚੋਂ 4 ਲੋਕ ਸ਼ਨੀਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਗਏ। ਉਥੋਂ ਚਾਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ।

ਪੰਜਾਬ, ਹਿਮਾਚਲ ਅਤੇ ਬਿਹਾਰ ਦੇ 12 ਨੌਜਵਾਨ ਜੋ ਪੈਸਾ ਕਮਾਉਣ ਲੀਬੀਆ ਗਏ ਸਨ, ਨੂੰ ਉਥੋਂ ਦੀ ਐਲੀਸੀ ਫੈਕਟਰੀ ਵਿੱਚ ਬੰਧਕ ਬਣਾ ਲਿਆ ਗਿਆ ਸੀ। ਖਾਣ-ਪੀਣ ਦਾ ਸਾਮਾਨ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਨੌਜਵਾਨਾਂ ਨੇ ਵੀਡੀਓ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਉਹ ਭੁੱਖੇ-ਪਿਆਸੇ ਮਰ ਜਾਣਗੇ।

Add a Comment

Your email address will not be published. Required fields are marked *