ਨਵਾਜ਼ ਸ਼ਰੀਫ ਦੇ ਪਰਿਵਾਰ ’ਚ ਦਰਾਰ, ਧੀ ਮਰੀਅਮ ਆਪਣੇ ਪਤੀ ਨਾਲ ਹੀ ਭਿੜੀ

ਪਾਕਿਸਤਾਨ ‘ਚ ਵਧਦਾ ਸਿਆਸੀ ਟਕਰਾਅ ਹੁਣ ਨਵਾਜ਼ ਸ਼ਰੀਫ ਪਰਿਵਾਰ ਦੇ ਅੰਦਰ ਤੱਕ ਪਹੁੰਚ ਗਿਆ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਜਨਤਕ ਤੌਰ ’ਤੇ ਆਪਣੇ ਪਤੀ ਨਾਲ ਹੀ ਭਿੜ ਗਈ ਹੈ। ਉਨ੍ਹਾਂ ਨੇ ਆਪਣੇ ਪਤੀ ਰਿਟਾਇਰਡ ਕੈਪਟਨ ਮੁਹੰਮਦ ਸਫਦਰ ’ਤੇ ‘ਪਾਰਟੀ ਵਿਰੋਧੀ’ ਬਿਆਨ ਦੇਣ ਦਾ ਦੋਸ਼ ਲਗਾਇਆ ਹੈ। ਨਿਰੀਖਕਾਂ ਮੁਤਾਬਕ ਆਰਥਿਕਤਾ ਨੂੰ ਸੰਭਾਲ ਸਕਣ ਵਿੱਚ ਨਾਕਾਮੀ ਅਤੇ ਵਧਦੀਆਂ ਸਿਆਸੀ ਚੁਣੌਤੀਆਂ ਦਾ ਦਬਾਅ ਸਾਫ਼ ਤੌਰ ’ਤੇ ਸੱਤਾਧਿਰ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਅੰਦਰ ਮਹਿਸੂਸ ਕੀਤਾ ਜਾ ਰਿਹਾ ਹੈ।

ਕੈਪਟਨ ਸਫਦਰ ਨੇ ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੱਤਾਧਿਰ ਗਠਜੋੜ ਦੀ ਪ੍ਰਮੁੱਖ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ‘ਵੋਟ ਨੂੰ ਇੱਜ਼ਤ ਦਿਓ ਨੈਰੇਟਿਵ’ ਪਹਿਲਾਂ ਬਹੁਤ ਸਸ਼ਕਤ ਸੀ ਪਰ ਜਿਸ ਦਿਨ ਪਾਰਟੀ ਨੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾਉਣ ਦੇ ਪੱਖ ਵਿੱਚ ਵੋਟਿੰਗ ਕੀਤੀ ਸੀ, ਉਸ ਨੂੰ ਰੋਕ ਕੇ ਉਸ ਨੇ ਇਸ ਨੈਰੇਟਿਵ ਦੀ ਬੇਇੱਜ਼ਤੀ ਕਰ ਦਿੱਤੀ ਸੀ। ਜਨਰਲ ਬਾਜਵਾ ਦਾ ਕਾਰਜਕਾਲ ਤੱਤਕਾਲੀਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਵਧਾਇਆ ਸੀ, ਜਿਸ ਦਾ ਪੀ. ਐੱਮ. ਐੱਲ.-ਨਵਾਜ਼ ਨੇ ਸਮਰਥਨ ਕੀਤਾ ਸੀ।

ਇੰਟਰਵਿਊ ‘ਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਵਾਜ਼ ਸ਼ਰੀਫ ਨੇ ਐਕਸਟੈਂਸ਼ਨ ਦਾ ਵਿਰੋਧ ਕਿਉਂ ਨਹੀਂ ਕੀਤਾ ਤਾਂ ਕੈਪਟਨ ਸਫਦਰ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਲੋਕਾਂ ਨੇ ਗੁੰਮਰਾਹ ਕੀਤਾ ਹੈ। ਸਫਦਰ ਨੇ ਕਿਹਾ, ”ਕੁਝ ਲੋਕ ਨਵਾਜ਼ ਸ਼ਰੀਫ ਕੋਲ ਗਏ ਅਤੇ ਉਨ੍ਹਾਂ ਨੂੰ ਕਾਰਜਕਾਲ ਵਧਾਉਣ ਦੇ ਫਾਇਦੇ ਸਮਝਾਏ। ਹੁਣ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਨਾਵਾਂ ਨੂੰ ਜਨਤਕ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਗ਼ਲਤ ਫ਼ੈਸਲਾ ਲੈਣ ਲਈ ਪ੍ਰੇਰਿਤ ਕੀਤਾ ਸੀ।”

ਇਸੇ ਇੰਟਰਵਿਊ ‘ਚ ਕੈਪਟਨ ਸਫਦਰ ਤੋਂ ਉਨ੍ਹਾਂ ਦੀ ਪਤਨੀ ਮਰੀਅਮ ਦੇ ਸਿਆਸੀ ਭਵਿੱਖ ਬਾਰੇ ਵੀ ਪੁੱਛਿਆ ਗਿਆ ਸੀ। ਇਸ ਸਵਾਲ ‘ਤੇ ਕਿ ਕੀ ਉਹ ਪ੍ਰਧਾਨ ਮੰਤਰੀ ਬਣੇਗੀ, ਉਸ ਨੇ ਕਿਹਾ- ‘ਮੈਨੂੰ ਨੇੜ ਭਵਿੱਖ ‘ਚ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਹੁਣ ਸ਼ਹਿਬਾਜ਼ ਸ਼ਰੀਫ਼ 5 ਸਾਲ ਲਈ ਪ੍ਰਧਾਨ ਮੰਤਰੀ ਰਹਿਣਗੇ। ਇਸ ਤੋਂ ਬਾਅਦ ਅਗਲੀ ਚੋਣ 2025 ਵਿੱਚ ਹੋਵੇਗੀ।’

Add a Comment

Your email address will not be published. Required fields are marked *