ਸਕੂਟ ਏਅਰਲਾਈਨ ਰਾਹੀਂ ਸਿੰਗਾਪੁਰ ਤੋਂ ਅੰਮ੍ਰਿਤਸਰ ਆ ਰਹੇ ਯਾਤਰੀਆਂ ਲਈ ਵੱਡੀ ਰਾਹਤ

ਬ੍ਰਿਸਬੇਨ – ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਅੰਮ੍ਰਿਤਸਰ ਲਈ ਸਿੱਧੀ ਉਡਾਣ ਵਿੱਚ ਆ ਰਹੇ ਯਾਤਰੀਆਂ ਲਈ ਚੰਗੀ ਖ਼ਬਰ ਹੈ। ਦਰਅਸਲ ਹੁਣ ਯਾਤਰੀਆਂ ਨੂੰ ਉਡਾਣ ਭਰਨ ਤੋਂ ਪਹਿਲਾਂ ਕੋਵਿਡ ਟੈਸਟ ਅਤੇ ਏਅਰ ਸੁਵਿਧਾ ਫ਼ਾਰਮ ਨਹੀਂ ਭਰਨਾ ਪਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਥਾਈਲੈਂਡ, ਸਿੰਗਾਪੁਰ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ ਅਤੇ ਚੀਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਇਹਨਾਂ ਸ਼ਰਤਾਂ ਨੂੰ ਖ਼ਤਮ ਕਰ ਦਿੱਤਾ ਹੈ। ਇਹਨਾਂ 6 ਮੁਲਕਾਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਦੇ ਕਾਰਨ ਭਾਰਤ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਕੀਤੇ ਇਹ ਨਵੇਂ ਦਿਸ਼ਾ ਨਿਰਦੇਸ਼ 13 ਫਰਵਰੀ ਨੂੰ ਸਵੇਰੇ 11 ਵਜੇ ਤੋਂ ਲਾਗੂ ਹੋਣਗੇ। ਇਸ ਸਮੇਂ ਤੋਂ ਪਹਿਲਾਂ ਇਹਨਾਂ ਮੁਲਕਾਂ ਤੋਂ ਭਾਰਤ ਪਹੁੰਚਣ ਵਾਲੇ ਯਾਤਰੀਆਂ ਨੂੰ ਮੌਜੂਦਾ ਨਿਯਮਾਂ ਅਨੁਸਾਰ ਟੈਸਟ ਕਰਵਾਉਣਾ ਪਵੇਗਾ। ਗੁਮਟਾਲਾ ਅਨੁਸਾਰ ਸਕੂਟ ਹਫ਼ਤੇ ਵਿੱਚ 5 ਦਿਨ ਸਿੰਗਾਪੁਰ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਹਨਾਂ ਉਡਾਣਾਂ ਲਈ ਸਕੂਟ ਵੱਲੋਂ ਆਪਣੇ 335 ਸੀਟਾਂ ਵਾਲੇ ਵੱਡੇ ਬੋਇੰਗ ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਉਡਾਣਾਂ ਰਾਹੀਂ ਪੰਜਾਬੀਆਂ ਦੀ ਵੱਡੀ ਗਿਣਤੀ ਆਸਟਰੇਲੀਆ ਤੋਂ ਸਿੰਗਾਪੁਰ ਰਾਹੀਂ ਅੰਮ੍ਰਿਤਸਰ ਆਉਂਦੀ ਹੈ, ਉਹਨਾਂ ਲਈ ਵੀ ਇਹ ਵੱਡੀ ਰਾਹਤ ਹੈ। ਇਸ ਫ਼ੈਸਲੇ ਨਾਲ ਯਾਤਰੀਆਂ ਨੂੰ ਟੈਸਟ ਕਰਵਾਉਣ ਦੀ ਖੱਜਲ-ਖ਼ੁਆਰੀ ਤੋਂ ਛੁਟਕਾਰਾ ਮਿਲੇਗਾ ਅਤੇ ਖ਼ਰਚਾ ਵੀ ਬਚੇਗਾ। ਭਾਰਤ ਸਰਕਾਰ ਨੇ 24 ਦਸੰਬਰ ਨੂੰ ਕੁੱਝ ਨਵੇਂ ਨਿਰਦੇਸ਼ਾਂ ਨੂੰ ਲਾਗੂ ਕੀਤਾ ਸੀ, ਜਿਸ ਵਿੱਚੋਂ ਟੈਸਟ ਕਰਵਾਉਣ ਅਤੇ ਫ਼ਾਰਮ ਭਰਣ ਵਾਲੇ ਨਿਯਮ ਨੂੰ ਹੁਣ ਵਾਪਸ ਲਿਆ ਗਿਆ ਹੈ।

Add a Comment

Your email address will not be published. Required fields are marked *