ਮਾਸਕੋ ਆਉਣ ਲਈ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹੈ ਰੂਸ

ਮਾਸਕੋ – ਰੂਸ ਭਾਰਤੀ ਸੈਲਾਨੀਆਂ ਨੂੰ ਆਪਣੇ ਇਤਿਹਾਸਕ, ਰਾਜਨੀਤਿਕ ਅਤੇ ਅਧਿਆਤਮਕ ਸ਼ਹਿਰ ਮਾਸਕੋ ਦੀ ਯਾਤਰਾ ਲਈ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਸਕੋ ਸ਼ਹਿਰ ਦੀ ਸੈਰ-ਸਪਾਟਾ ਕਮੇਟੀ ਸ਼ਹਿਰ ਨੂੰ ਨਾ ਸਿਰਫ਼ ਇਕ ਸੱਭਿਆਚਾਰਕ ਰਾਜਧਾਨੀ ਵਜੋਂ, ਸਗੋਂ ਇੱਕ ਵਪਾਰਕ ਕੇਂਦਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਵਪਾਰਕ ਭਾਈਵਾਲਾਂ, ਸੈਲਾਨੀਆਂ ਅਤੇ ਛੁੱਟੀਆਂ ਮਨਾਉਣ ਵਾਲਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਮਾਸਕੋ ਨੇ ਮਿੱਤਰ ਦੇਸ਼ਾਂ ਦੇ ਸੈਰ-ਸਪਾਟਾ ਖੇਤਰਾਂ ਦੇ ਨਾਲ ਸਹਿਯੋਗ ਨੂੰ ਵੀ ਮਜ਼ਬੂਤ ​​ਕੀਤਾ ਹੈ। ਇਸ ਤੋਂ ਇਲਾਵਾ, ਸ਼ਹਿਰ ਦੀ ਸੈਰ-ਸਪਾਟਾ ਸਮਰੱਥਾ ਨੂੰ ਦਰਸਾਉਣ ਲਈ ਵਪਾਰਕ ਯਾਤਰਾਵਾਂ ਦਾ ਪ੍ਰਬੰਧ ਕੀਤਾ ਹੈ। ਕਮੇਟੀ ਦੇ ਅੰਤਰਰਾਸ਼ਟਰੀ ਸਹਿਯੋਗ ਵਿਭਾਗ ਦੇ ਮੁਖੀ ਬੁਲਟ ਨੂਰਮੁਖਾਨੋਵ ਨੇ ਕਿਹਾ, ”ਅਸੀਂ ਅਜੇ ਵੀ ਮਾਸਕੋ ਲਈ ਭਾਰਤੀ ਸੈਲਾਨੀਆਂ ਦੀ ਆਵਾਜਾਈ ਨੂੰ ਉਸ ਪੱਧਰ ‘ਤੇ ਬਹਾਲ ਕਰਨ ਦੇ ਰਾਹ ‘ਤੇ ਹਾਂ, ਜਿਸ ਪੱਧਰ ‘ਤੇ ਇਹ ਗਲੋਬਲ ਮਹਾਂਮਾਰੀ ਤੋਂ ਪਹਿਲਾਂ ਸੀ।’ ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਾਲਾਨਾ ਆਧਾਰ ‘ਤੇ 12-15 ਫ਼ੀਸਦੀ ਦਾ ਲਗਾਤਾਰ ਵਾਧਾ ਹੋ ਰਿਹਾ ਸੀ। ਸਾਲ ਦੀ ਪਹਿਲੀ ਛਮਾਹੀ ਵਿੱਚ ਲਗਭਗ 20,000 ਭਾਰਤੀ ਮਾਸਕੋ ਆਏ ਸਨ।

ਇਹ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 56 ਫ਼ੀਸਦੀ ਜ਼ਿਆਦਾ ਹੈ। ਸਾਲ 2022 ਵਿੱਚ ਮਾਸਕੋ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 2021 ਦੇ ਮੁਕਾਬਲੇ 6.3 ਫ਼ੀਸਦੀ ਵਧ ਕੇ ਕੁੱਲ 17 ਲੱਖ ਹੋ ਗਈ ਸੀ। ਬੁਲਟ ਨੇ ਕਿਹਾ ਕਿ ਈ-ਵੀਜ਼ਾ ਸੇਵਾ ਸ਼ੁਰੂ ਕਰਨ ਤੋਂ ਬਾਅਦ ਹੁਣ ਰੂਸੀ ਸਰਕਾਰ ਇੱਕ ਵਰਚੁਅਲ ‘ਵਿਦੇਸ਼ੀ ਟੂਰਿਸਟ ਕਾਰਡ’ ਪੇਸ਼ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ਜੋ ਵੱਖ-ਵੱਖ ਸੇਵਾਵਾਂ ਲਈ ਨਕਦ ਰਹਿਤ ਭੁਗਤਾਨ ਨੂੰ ਸਮਰੱਥ ਕਰੇਗਾ। ਇਸ ਦੌਰਾਨ, ਮਾਸਕੋ ਵਿੱਚ ਭਾਰਤੀ ਦੂਤਘਰ ਦੇ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ ਸੈਰ-ਸਪਾਟਾ ਮੰਤਰਾਲਾ ਦੇ ਨਾਲ-ਨਾਲ ਗੋਆ ਅਤੇ ਕੇਰਲ ਦੀਆਂ ਸਰਕਾਰਾਂ ਇਸ ਮਹੀਨੇ ਇੱਕ ਗੋਲ ਮੇਜ਼ ਚਰਚਾ ਵਿੱਚ ਹਿੱਸਾ ਲੈਣ ਵਾਲੀਆਂ ਹਨ।

Add a Comment

Your email address will not be published. Required fields are marked *