ਵਿਆਹ ਸਮਾਗਮ ’ਚ ਗਾਇਕ ਅੰਮ੍ਰਿਤ ਮਾਨ ਦੇ ਅਖਾੜੇ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ

ਮੋਗਾ-ਪੰਜਾਬੀ ਦੇ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਦੇ ਮੋਗਾ ਵਿਖੇ ਇਕ ਪੈਲੇਸ ’ਚ ਵਿਆਹ ਸਮਾਗਮ ’ਚ ਹੋਏ ਅਖਾੜੇ ਦੌਰਾਨ ਉਦੋਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਇਕ ਪ੍ਰਸ਼ੰਸਕ ਬਲਪ੍ਰੀਤ ਸਿੰਘ ਗਾਇਕ ਨਾਲ ਫੋਟੋ ਖਿਚਵਾਉਣ ਲਈ ਸਟੇਜ ’ਤੇ ਚੜ੍ਹਨ ਲੱਗਾ ਤਾਂ ਗਾਇਕ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਵਾਪਸ ਮੋੜ ਦਿੱਤਾ। ਥੋੜ੍ਹੀ-ਬਹੁਤੀ ਤਲਖ਼ਕਲਾਮੀ ਹੋਣ ਕਰ ਕੇ ਗਾਇਕ ਨੇ ਸ਼ੋਅ ਬੰਦ ਕਰ ਦਿੱਤਾ ਅਤੇ ਇਸ ਮਗਰੋਂ ਸਥਿਤੀ ਉਦੋਂ ਹੋਰ ਵਿਗੜ ਗਈ, ਜਦੋਂ ਆਪਣੇ ਸਾਥੀਆਂ ਨਾਲ ਵਿਆਹ ਸਮਾਰੋਹ ’ਚ ਬੈਠੇ ਪ੍ਰਸ਼ੰਸਕ ਬਲਪ੍ਰੀਤ ਸਿੰਘ ਨਾਲ ਆ ਕੇ ਗਾਇਕ ਦੇ ਸਰਕਾਰੀ ਸੁਰੱਖਿਆ ਕਰਮਚਾਰੀਆਂ ਅਤੇ 15-16 ਬਾਊਂਸਰਾਂ ਨੇ ਕਥਿਤ ਤੌਰ ’ਤੇ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰਸ਼ੰਸਕ ਬਲਪ੍ਰੀਤ ਸਿੰਘ ਕਾਂਗਰਸ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਰਿੱਕੀ ਘੱਲਕਲਾਂ ਦਾ ਭਰਾ ਦੱਸਿਆ ਜਾ ਰਿਹਾ ਹੈ।

ਪ੍ਰਸ਼ੰਸਕ ਅਤੇ ਸੁਰੱਖਿਆ ਕਰਮਚਾਰੀਆਂ ’ਚ ਹੋਈ ਕਥਿਤ ਤਲਖ਼ਕਲਾਮੀ ਨੂੰ ਕੁਝ ਮੋਹਤਬਰ ਵਿਅਕਤੀਆਂ ਨੇ ਨਿਬੇੜ ਦਿੱਤਾ ਪਰ ਉਦੋਂ ਮਾਹੌਲ ਹੋਰ ਖ਼ਰਾਬ ਹੋ ਗਿਆ, ਜਦੋਂ ਥਾਣਾ ਸਿਟੀ ਮੋਗਾ ਦੀ ਪੁਲਸ ਨੇ ਪ੍ਰਸ਼ੰਸਕ ਦੇ ਘਰ ’ਚ ਰੇਡ ਕਰ ਦਿੱਤੀ। ਇਸ ਮਗਰੋਂ ਭੜਕੇ ਪਿੰਡ ਵਾਸੀਆਂ ਨੇ ਸਰਪੰਚ ਸਿਮਰਜੀਤ ਸਿੰਘ ਰਿੱਕੀ ਘੱਲਕਲਾਂ ਦੀ ਅਗਵਾਈ ’ਚ ਥਾਣਾ ਸਦਰ ਮੋਗਾ ਵਿਖੇ ਸ਼ਿਕਾਇਤ ਪੱਤਰ ਦਿੱਤਾ।

ਇਸ ਮੌਕੇ ਸਰਪੰਚ ਰਿੱਕੀ ਘੱਲ ਕਲਾਂ ਅਤੇ ਯੂਥ ਕਾਂਗਰਸੀ ਆਗੂ ਦੀਪਕ ਭੱਲਾ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਪੁਲਸ ਪ੍ਰਸ਼ਾਸਨ ਵੱਲੋਂ ਇਕ ਕੈਬਨਿਟ ਮੰਤਰੀ ਦੇ ਕਹਿਣ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਦਕਿ ਨੌਜਵਾਨ ਬਲਪ੍ਰੀਤ ਸਿੰਘ ਬਤੌਰ ਪ੍ਰਸ਼ੰਸਕ ਗਾਇਕ ਦੇ ਬਾਊਂਸਰਾਂ ਦੀ ਮਨਜ਼ੂਰੀ ਲੈ ਕੇ ਹੀ ਫੋਟੋ ਕਰਵਾਉਣ ਲਈ ਸਟੇਜ ’ਤੇ ਚੜ੍ਹ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਕੋਈ ਧੱਕੇਸ਼ਾਹੀ ਕੀਤੀ ਤਾਂ ਇਸ ਮਾਮਲੇ ’ਤੇ ਕਾਂਗਰਸ ਪਾਰਟੀ ਦੀ ਅਗਵਾਈ ’ਚ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਜਦੋਂ ਥਾਣਾ ਸਦਰ ਘੱਲਕਲਾਂ ਦੇ ਐੱਸ. ਐੱਚ. ਓ. ਜਗਤਾਰ ਸਿੰਘ ਨਾਲ ਇਸ ਮਾਮਲੇ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਫੋਨ ਨਾ ਚੁੱਕਣ ਕਰ ਕੇ ਸੰਪਰਕ ਸਥਾਪਿਤ ਨਹੀਂ ਹੋ ਸਕਿਆ।

Add a Comment

Your email address will not be published. Required fields are marked *