‘ਆਪ੍ਰੇਸ਼ਨ ਦੋਸਤ’ : ਤੁਰਕੀ ’ਚ ਭਾਰਤੀ ਫ਼ੌਜ ਦੇ ‘ਫੀਲਡ’ ਹਸਪਤਾਲ ਨੇ ਕੰਮ ਕਰਨਾ ਕੀਤਾ ਸ਼ੁਰੂ

ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਭੂਚਾਲ ਪ੍ਰਭਾਵਿਤ ਤੁਰਕੀ ਦੇ ਹੇਤੇ ਸੂਬੇ ’ਚ ਇਕ ‘ਫੀਲਡ’ ਹਸਪਤਾਲ ਬਣਾਇਆ ਹੈ, ਜਿਸ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ’ਚ ਸਰਜਰੀ ਅਤੇ ਐਮਰਜੈਂਸੀ ਵਾਰਡ ਹਨ। ਤੁਰਕੀ ਅਤੇ ਸੀਰੀਆ ’ਚ ਸੋਮਵਾਰ ਨੂੰ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ’ਚ 19,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਨੇ ਦੋਵਾਂ ਦੇਸ਼ਾਂ ਦੀ ਮਦਦ ਲਈ ‘ਆਪ੍ਰੇਸ਼ਨ ਦੋਸਤ’ ਸ਼ੁਰੂ ਕੀਤਾ ਹੈ। ਭਾਰਤ ਨੇ ਮੰਗਲਵਾਰ ਨੂੰ ਚਾਰ ਫ਼ੌਜੀ ਜਹਾਜ਼ਾਂ ਰਾਹੀਂ ਤੁਰਕੀ ਨੂੰ ਰਾਹਤ ਸਮੱਗਰੀ, ਇੱਕ ਮੋਬਾਈਲ ਹਸਪਤਾਲ, ਖੋਜ ਅਤੇ ਬਚਾਅ ਟੀਮਾਂ ਭੇਜੀਆਂ ਹਨ।

ਇਸ ਤੋਂ ਬਾਅਦ ਬੁੱਧਵਾਰ ਨੂੰ ਵੀ ਰਾਹਤ ਸਮੱਗਰੀ ਭੇਜੀ ਗਈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਟਵਿੱਟਰ ’ਤੇ ਤੁਰਕੀ ’ਚ ਭਾਰਤ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਤੁਰਕੀ ਦੇ ਹੇਤੇ ਸੂਬੇ ਦੇ ਇਸਕੇਂਦਰੂਨ ’ਚ ਫੀਲਡ ਹਸਪਤਾਲ ਸਥਾਪਿਤ ਕੀਤਾ ਹੈ, ਜਿਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ’ਚ ਇਲਾਜ, ਸਰਜਰੀ, ਐਮਰਜੈਂਸੀ ਵਾਰਡ ਦੇ ਨਾਲ-ਨਾਲ ਐਕਸਰੇ ਲੈਬ ਅਤੇ ਮੈਡੀਕਲ ਸਟੋਰ ਹਨ। ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਦੋਸਤ’ ਤਹਿਤ ਫ਼ੌਜ ਦੀਆਂ ਟੀਮਾਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ 24 ਘੰਟੇ ਕੰਮ ਕਰ ਰਹੀਆਂ ਹਨ।

ਜੈਸ਼ੰਕਰ ਨੇ ਪਹਿਲਾਂ ਭਾਰਤ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੀਆਂ ਟੀਮਾਂ ਦੀਆਂ ਤੁਰਕੀ ਦੇ ਗੰਜੀਆਤੇਪ ’ਚ ਖੋਜ ਮੁਹਿੰਮ ਸ਼ੁਰੂ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਹਵਾਈ ਫ਼ੌਜ ਦੇ ਪੰਜ ਸੀ-17 ਜਹਾਜ਼ਾਂ ’ਚ 250 ਤੋਂ ਵੱਧ ਕਰਮਚਾਰੀ, ਵਿਸ਼ੇਸ਼ ਉਪਕਰਣ ਅਤੇ ਹੋਰ ਸਮੱਗਰੀ ਤੁਰਕੀ ਭੇਜੀ ਹੈ, ਜਿਨ੍ਹਾਂ ਦਾ ਕੁੱਲ ਵਜ਼ਨ 135 ਟਨ ਤੋਂ ਵੱਧ ਹੈ। ਭਾਰਤੀ ਫ਼ੌਜ ਨੇ ਵੀਰਵਾਰ ਨੂੰ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ’ਚ ਇਕ ਔਰਤ ਇਕ ਫੀਲਡ ਹਸਪਤਾਲ ’ਚ ਡਿਊਟੀ ’ਤੇ ਇਕ ਫ਼ੌਜੀ ਜਵਾਨ ਨੂੰ ਗਲ਼ੇ ਲਗਾਉਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਭਾਰਤ ’ਚ ਸੀਰੀਆ ਦੇ ਦੂਤਘਰ ਨੇ ਅਪੀਲ ਕਰਦਿਆਂ ਮਦਦ ਮੰਗੀ ਹੈ। ਭਾਰਤ ਨੇ ਮੰਗਲਵਾਰ ਨੂੰ ਸੀਰੀਆ ਲਈ ਵੀ ਰਾਹਤ ਸਮੱਗਰੀ ਭੇਜੀ ਹੈ।

Add a Comment

Your email address will not be published. Required fields are marked *