ਅਡਾਨੀ ਪੋਰਟਸ 5,000 ਕਰੋੜ ਰੁਪਏ ਦਾ ਚੁਕਾਏਗੀ ਕਰਜ਼

ਅਡਾਨੀ ਸਮੂਹ ਦੀ ਸੂਚੀਬੱਧ ਕੰਪਨੀ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ.ਪੀ.ਐੱਸ.ਈ.ਜ਼ੈੱਡ) ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਦੇ ਅੰਤ ਤੱਕ 5,000 ਕਰੋੜ ਰੁਪਏ ਤੱਕ ਦੇ ਕਰਜ਼ੇ ਦੀ ਅਦਾਇਗੀ ਕਰੇਗੀ ਤਾਂ ਜੋ ਉਸ ਦੀ ਵਿੱਤੀ ਸਥਿਤੀ ‘ਚ ਸੁਧਾਰ ਹੋ ਸਕੇ। ਇਸ ਤੋਂ ਪਹਿਲਾਂ ਕੱਲ੍ਹ ਹੀ ਸਮੂਹ ਨੇ ਮਿਆਦ ਪੂਰੀ ਹੋਣ ਤੋਂ ਪਹਿਲਾਂ ਪ੍ਰਮੋਟਰਾਂ ਦੁਆਰਾ ਗਿਰਵੀ ਰੱਖੇ ਵੱਖ-ਵੱਖ ਕੰਪਨੀਆਂ ਦੇ ਸ਼ੇਅਰਾਂ ਨੂੰ ਰੀਡੀਮ ਕਰਨ ਲਈ 111 ਕਰੋੜ ਡਾਲਰ ਦਾ ਭੁਗਤਾਨ ਕੀਤਾ ਸੀ।
ਏ.ਪੀ.ਐੱਸ.ਈ.ਜ਼ੈੱਡ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO)ਅਤੇ ਪੂਰੇ ਸਮੇਂ ਦੇ ਨਿਰਦੇਸ਼ਕ ਕਰਨ ਅਡਾਨੀ ਨੇ ਦਸੰਬਰ ਤਿਮਾਹੀ ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਕੰਪਨੀ ਚਾਲੂ ਵਿੱਤੀ ਸਾਲ ਦੇ ਅੰਤ ਤੱਕ 14,500 ਤੋਂ 15,000 ਕਰੋੜ ਰੁਪਏ ਦੇ ਏਬਿਟਾ ਦਾ ਟੀਚਾ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ “ਅਸੀਂ 4,000 ਤੋਂ 4,500 ਕਰੋੜ ਰੁਪਏ ਦੇ ਅੰਦਾਜ਼ਨ ਪੂੰਜੀ ਖਰਚ ਤੋਂ ਇਲਾਵਾ ਲਗਭਗ 5,000 ਕਰੋੜ ਰੁਪਏ ਦੇ ਕਰਜ਼ੇ ਦੀ ਮੁੜ ਅਦਾਇਗੀ ਨੂੰ ਵੀ ਦੇਖ ਰਹੇ ਹਾਂ। ਇਸ ਨਾਲ ਸਾਡਾ ਸ਼ੁੱਧ ਕਰਜ਼ ਬਨਾਮ ਏਬਿਟਾ ਅਨੁਪਾਤ ਸੁਧਰੇਗਾ ਅਤੇ ਮਾਰਚ ਤੱਕ ਲਗਭਗ 2.5 ਗੁਣਾ ਹੋ ਜਾਵੇਗਾ।
ਅਡਾਨੀ ਨੇ ਕਿਹਾ ਕਿ ਨੌਂ ਮਹੀਨਿਆਂ ਦੀ ਮਿਆਦ ‘ਚ ਹੁਣ ਤੱਕ ਦੇ ਮਾਲੀਆ ਅਤੇ ਏਬਿਟਾ ਨਾਲ ਏ.ਪੀ.ਐੱਸ.ਈ.ਜ਼ੈੱਡ ਪੂਰੇ ਵਿੱਤੀ ਸਾਲ 2023 ਲਈ ਆਪਣੇ ਰਾਜਸਵ ਮਾਲੀਏ ਅਤੇ ਏਬਿਟਾ ਅਨੁਮਾਨਾਂ ‘ਤੇ ਖਰੀ ਉਤਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਹਾਈਫਾ ਪੋਰਟ ਕੰਪਨੀ (ਇਜ਼ਰਾਈਲ), ਆਈ.ਓ.ਟੀ.ਐੱਲ, ਆਈ.ਸੀ.ਡੀ ਟੰਬ, ਓਸ਼ੀਅਨ ਸਪਾਰਕਲ ਅਤੇ ਗੰਗਾਵਰਮ ਪੋਰਟ ਸੌਦਿਆਂ ਨੂੰ ਵੀ ਲਾਗੂ ਕਰ ਰਹੀ ਹੈ। ਨਾਲ ਹੀ, ਕੰਪਨੀ ਆਪਣੇ ਕਾਰੋਬਾਰੀ ਮਾਡਲ ਨੂੰ ਟ੍ਰਾਂਸਪੋਰਟ ਯੂਟੀਲਿਟੀ ‘ਚ ਬਦਲ ਰਹੀ ਹੈ।
ਏ.ਪੀ.ਐੱਸ.ਈ.ਜ਼ੈੱਡ ਦਾ ਸ਼ੇਅਰ ਅੱਜ 1.33 ਫ਼ੀਸਦੀ ਦੇ ਵਾਧੇ ਨਾਲ 553 ਰੁਪਏ ‘ਤੇ ਬੰਦ ਹੋਇਆ। ਇਸ ਨਾਲ ਕੰਪਨੀ ਦਾ ਕੁੱਲ ਬਾਜ਼ਾਰ ਪੂੰਜੀਕਰਣ 1.19 ਲੱਖ ਕਰੋੜ ਰੁਪਏ ਹੋ ਗਿਆ। ਕੰਪਨੀ ਦਾ ਸ਼ੁੱਧ ਕਰਜ਼ਾ ਅਤੇ ਏਬਿਟਾ ਅਨੁਪਾਤ 3 ਤੋਂ 3.5 ਗੁਣਾ ਦੇ ਅਨੁਮਾਨਿਤ ਦਾਇਰੇ ‘ਚ ਹੈ। ਅਡਾਨੀ ਗਰੁੱਪ ਦੀਆਂ ਦੋ ਹੋਰ ਕੰਪਨੀਆਂ- ਅੰਬੂਜਾ ਸੀਮੈਂਟਸ ਅਤੇ ਅਡਾਨੀ ਗ੍ਰੀਨ ਐਨਰਜੀ- ਨੇ ਵੀ ਅੱਜ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ। 

Add a Comment

Your email address will not be published. Required fields are marked *