ਆਸਟ੍ਰੇਲੀਆ ਦੇ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੈਲਬੋਰਨ – ਆਸਟ੍ਰੇਲੀਆ ਦੇ ਸਭ ਤੋਂ ਸਫ਼ਲ ਟੀ20 ਅੰਤਰਰਾਸ਼ਟਰੀ ਬੱਲੇਬਾਜ਼ ਅਤੇ 2021 ਵਿਚ ਟੀ20 ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਆਰੋਨ ਫਿੰਚ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 36 ਸਾਲਾ ਫਿੰਚ ਹਾਲਾਂਕਿ ਬਿਗ ਬੈਸ਼ ਲੀਗ ਅਤੇ ਘਰੇਲੂ ਟੀ20 ਮੈਚਾਂ ਵਿਚ ਖੇਡਦੇ ਰਹਿਣਗੇ। ਕ੍ਰਿਕਟ ਆਸਟ੍ਰੇਲੀਆ ਨੇ ਟਵੀਟ ਕੀਤਾ, ‘ਸਾਡੇ ਵਿਸ਼ਵ ਕੱਪ ਜੇਤੂ ਅਤੇ ਸਭ ਤੋਂ ਲੰਬੇ ਸਮੇਂ ਤੱਕ ਟੀ20 ਕਪਤਾਨ ਰਹਿਣ ਵਾਲੇ ਆਰੋਨ ਫਿੰਚ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ ਆਰੋਨ ਫਿੰਚ।’

ਫਿੰਚ ਦਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਾ ਤੈਅ ਮੰਨਿਆ ਜਾ ਰਿਹਾ ਸੀ। ਉਨ੍ਹਾਂ ਨੇ ਪਿਛਲੇ ਸਾਲ ਵਨਡੇ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਅਤੇ ਆਖ਼ਰੀ ਟੈਸਟ ਵੀ 2018 ਵਿਚ ਖੇਡਿਆ ਸੀ। ਉਨ੍ਹਾਂ ਦੀ ਕਪਤਾਨੀ ਵਿਚ ਆਸਟ੍ਰੇਲੀਆ ਨੇ ਦੁਬਈ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ20 ਵਿਸ਼ਵ ਕੱਪ 2021 ਜਿੱਤਿਆ ਸੀ। ਪਿੱਛਲੇ ਸਾਲ ਹਾਲਾਂਕਿ ਆਪਣੀ ਧਰਤੀ ‘ਤੇ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਸਟ੍ਰੇਲੀਆਈ ਟੀਮ ਨਹੀਂ ਪਹੁੰਚ ਸਕੀ। ਫਿੰਚ ਨੇ ਆਖ਼ਰੀ ਟੀ20 ਮੈਚ ਵੀ ਉਸੇ ਟੂਰਨਾਮੈਂਟ ਵਿਚ ਖੇਡਿਆ, ਜਦੋਂ ਆਸਟ੍ਰੇਲੀਆ ਦੀ ਆਇਰਲੈਂਡ ‘ਤੇ 42 ਦੌੜਾ ਨਾਲ ਜਿੱਤ ਵਿਚ ਉਨ੍ਹਾਂ ਨੇ 63 ਦੌੜਾਂ ਬਣਾਈਆਂ ਸਨ।

ਫਿੰਚ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ”ਮੈਂ 2024 ਟੀ-20 ਵਿਸ਼ਵ ਕੱਪ ਤੱਕ ਨਹੀਂ ਖੇਡ ਸਕਾਂਗਾ, ਇਸ ਲਈ ਹੁਣ ਮੇਰੇ ਲਈ ਪਿੱਛੇ ਹਟਣ ਦਾ ਸਹੀ ਸਮਾਂ ਹੈ ਤਾਂ ਕਿ ਟੀਮ ਭਵਿੱਖ ਬਾਰੇ ਸੋਚ ਸਕੇ।” ਫਿੰਚ ਨੇ ਆਸਟ੍ਰੇਲੀਆ ਲਈ 5 ਟੈਸਟ ਮੈਚਾਂ ‘ਚ 278 ਦੌੜਾਂ, 146 ਵਨਡੇ ਮੈਚਾਂ ਵਿੱਚ 5406 ਦੌੜਾਂ ਬਣਾਈਆਂ ਅਤੇ 103 ਟੀ-20 ਖੇਡ ਕੇ 3120 ਦੌੜਾਂ ਬਣਾਈਆਂ, ਜਿਸ ਵਿੱਚ 2 ਸੈਂਕੜੇ ਅਤੇ 19 ਅਰਧ ਸੈਂਕੜੇ ਸ਼ਾਮਲ ਹਨ। ਜਨਵਰੀ 2011 ਵਿੱਚ ਆਪਣੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰੇ ਫਾਰਮੈਟਾ ਵਿਚ 8804 ਦੌੜਾਂ ਬਣਾਈਆਂ ਹਨ, ਜਿਸ ਵਿਚ 17 ਵਨਡੇ ਸੈਂਕੜੇ ਅਤੇ ਦੋ ਟੀ-20 ਸੈਂਕੜੇ ਸ਼ਾਮਲ ਹਨ। ਉਨ੍ਹਾਂ ਰਿਕਾਰਡ 76 ਟੀ-20 ਮੈਚਾਂ ਵਿੱਚ ਆਸਟਰੇਲੀਆ ਦੀ ਕਪਤਾਨੀ ਕੀਤੀ।

ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ, ਜਦੋਂ 2018 ਵਿੱਚ ਹਰਾਰੇ ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਉਨ੍ਹਾਂ ਨੇ 76 ਗੇਂਦਾਂ ਵਿੱਚ 172 ਦੌੜਾਂ ਦੀ ਪਾਰੀ ਖੇਡੀ ਸੀ। ਫਿੰਚ ਆਈ.ਸੀ.ਸੀ. ਵਨਡੇ ਵਿਸ਼ਵ ਕੱਪ 2015 ਜਿੱਤਣ ਵਾਲੀ ਆਸਟਰੇਲੀਆਈ ਟੀਮ ਵਿੱਚ ਵੀ ਸਨ। ਉਨ੍ਹਾਂ ਕਿਹਾ, ”ਉਮੀਦ ਹੈ ਕਿ ਮੈਂ ਬ੍ਰਿਟੇਨ ‘ਚ ਦਿ ਹੰਡਰਡ ਖੇਡ ਸਕਾਂਗਾ।” ਉਹ ਆਈ.ਪੀ.ਐੱਲ. ਅਤੇ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦੌਰਾਨ ਕੁਮੈਂਟਰੀ ਵੀ ਕਰਨਗੇ।

Add a Comment

Your email address will not be published. Required fields are marked *