ਜੈਕਲੀਨ ਫ਼ਰਨਾਂਡੀਜ਼ ਦਾ ED ਨੂੰ ਸਵਾਲ, ਨੋਰਾ ਫ਼ਤੇਹੀ ਨੇ ਵੀ ਲਿਆ ਸੀ ਸੁਕੇਸ਼ ਤੋਂ ਤੋਹਫ਼ਾ ਫ਼ਿਰ ਮੈਂ ਹੀ ਦੋਸ਼ੀ ਕਿਉਂ?

ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਾਮਲੇ ’ਚ ਮੁਲਜ਼ਮ ਬਣਾਇਆ ਹੈ। 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਦੋਸ਼ੀ ਜੈਕਲੀਨ ਫ਼ਰਨਾਂਡੀਜ਼ ਨੇ ਈ.ਡੀ ਦੇ ਦੋਸ਼ਾਂ ’ਤੇ ਆਪਣਾ ਪੱਖ ਪੇਸ਼ ਕੀਤਾ ਹੈ। ਇਸ ਮਾਮਲੇ ’ਚ ਈ.ਡੀ ਨੇ ਅਦਾਕਾਰਾ ਅਤੇ ਡਾਂਸਰ ਨੋਰਾ ਫ਼ਤੇਹੀ ਨੂੰ ਗਵਾਹ ਬਣਾਇਆ ਹੈ ਅਤੇ ਜੈਕਲੀਨ ਨੇ ਵੀ ਇਸ ’ਤੇ ਸਵਾਲ ਚੁੱਕੇ ਹਨ।

ਅਦਾਕਾਰਾ ਨੇ ਜਵਾਬ ਦਿੰਦੇ  ਕਿਹਾ ਕਿ ਸੁਕੇਸ਼ ਚੰਦਰਸ਼ੇਖਰ ਤੋਂ ਤੋਹਫ਼ੇ ਲੈਣ ਵਾਲੀ ਉਹ ਇਕੱਲੀ ਨਹੀਂ ਹੈ, ਫ਼ਿਰ ਸਿਰਫ਼ ਉਸ ਨੂੰ ਹੀ ਦੋਸ਼ੀ ਕਿਉਂ ਬਣਾਇਆ ਗਿਆ ਹੈ। ਜੈਕਲੀਨ ਨੇ ਕਿਹਾ ਕਿ ਮੈਂ ਸੁਕੇਸ਼ ਚੰਦਰਸ਼ੇਖਰ ਦੇ ਤੋਹਫ਼ਿਆਂ ਅਤੇ ‘ਸਿਆਸੀ ਤਾਕਤ’ ਦੇ ਪ੍ਰਭਾਵ ਹੇਠ ਧੋਖਾਧੜੀ ਵਾਲੀ ਔਰਤ ਹਾਂ, ਮੈਨੂੰ ਜੋ ਨੁਕਸਾਨ ਹੋਇਆ ਹੈ ਉਸ ਨੂੰ ਪੈਸੇ ਨਾਲ ਨਹੀਂ ਮਾਪਿਆ ਜਾ ਸਕਦਾ।

ਈ.ਡੀ ’ਤੇ ਗਲਤ ਇਰਾਦੇ ਨਾਲ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਜੈਕਲੀਨ ਨੇ ਕਿਹਾ ਕਿ ਨੋਰਾ ਫ਼ਤੇਹੀ ਅਤੇ ਕੁਝ ਹੋਰ ਮਸ਼ਹੂਰ ਹਸਤੀਆਂ ਨੂੰ ਵੀ ਸੁਕੇਸ਼ ਚੰਦਰਸ਼ੇਖ਼ਰ ਨੇ ਤੋਹਫ਼ੇ ਦੇ ਧੋਖਾ ਦਿੱਤਾ ਪਰ ਉਨ੍ਹਾਂ ਨੂੰ ਗਵਾਹ ਬਣਾਇਆ ਗਿਆ ਅਤੇ ਮੇਰੇ ’ਤੇ ਦੋਸ਼ ਲਗਾਇਆ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ  ਹੈ ਕਿ ਮੇਰੇ ਖ਼ਿਲਾਫ਼ ਗਲਤ ਕੰਮ ਕੀਤਾ ਜਾ ਰਿਹਾ ਹੈ। 

ਮੀਡੀਆ ਰਿਪੋਰਟ ਮੁਤਾਬਕ ਜੈਕਲੀਨ ਨੇ ਇਹ ਵੀ ਕਿਹਾ ਕਿ ਇਹ ਸਾਰਾ ਪੈਸਾ ਜੋ ਈ.ਡੀ ਨੇ ਜ਼ਬਤ ਕੀਤਾ ਹੈ, ਇਹ ਮੇਰੀ ਮਿਹਨਤ ਦੀ ਕਮਾਈ ਹੈ ਅਤੇ ਇਹ ਠੱਗ ਦੇ ‘ਹੋਂਦ’ ਤੋਂ ਪਹਿਲਾਂ ਬਣਾਈ ਗਈ ਸੀ।

Add a Comment

Your email address will not be published. Required fields are marked *