3 ਵਾਰ ਗ੍ਰੈਮੀ ਪੁਰਸਕਾਰ ਜਿੱਤ ਕੇ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਰਚਿਆ ਇਤਿਹਾਸ

ਮੁੰਬਈ – ਸਾਲ 2023 ਭਾਰਤ ਦੇ ਮਨੋਰੰਜਨ ਉਦਯੋਗ ਲਈ ਖ਼ਾਸ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। ਸਭ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੇ ਵੱਡੇ ਪਰਦੇ ’ਤੇ ਧੂਮ ਮਚਾਈ ਸੀ। ਹੁਣ ਇਕ ਹੋਰ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਬੈਂਗਲੁਰੂ ਦੇ ਰਹਿਣ ਵਾਲੇ ਸੰਗੀਤਕਾਰ ਰਿੱਕੀ ਕੇਜ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਰਿੱਕੀ ਨੇ ਤੀਜੀ ਵਾਰ ਮਸ਼ਹੂਰ ਗ੍ਰੈਮੀ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੂੰ ਇਹ ਐਵਾਰਡ ਐਲਬਮ ‘ਡਿਵਾਈਨ ਟਾਈਡਜ਼’ ਲਈ ਦਿੱਤਾ ਗਿਆ ਹੈ।

ਰਿੱਕੀ ਕੇਜ ਦਾ ਜਨਮ 5 ਅਗਸਤ, 1981 ਨੂੰ ਹੋਇਆ ਸੀ, ਉਹ ਅੱਧਾ ਪੰਜਾਬੀ ਤੇ ਅੱਧਾ ਮਾਰਵਾੜੀ ਹੈ। ਇਸ ਤੋਂ ਬਾਅਦ ਜਦੋਂ ਉਹ 8 ਸਾਲ ਦੇ ਹੋਏ ਤਾਂ ਉਹ ਬੈਂਗਲੁਰੂ ਸ਼ਿਫਟ ਹੋ ਗਏ। ਉਸ ਨੇ ਮੁੱਢਲੀ ਸਿੱਖਿਆ ਉਥੋਂ ਹੀ ਪ੍ਰਾਪਤ ਕੀਤੀ। ਡੈਂਟਲ ਕਾਲਜ ’ਚ ਪੜ੍ਹਦਿਆਂ ਉਹ ਸੰਗੀਤ ਨਾਲ ਜੁੜ ਗਿਆ। ਪੜ੍ਹਾਈ ਦੌਰਾਨ ਉਹ ਇਕ ਰੌਕ ਬੈਂਡ ਦਾ ਹਿੱਸਾ ਬਣ ਗਿਆ ਤੇ ਇਥੋਂ ਹੀ ਉਹ ਸੰਗੀਤ ਦਾ ਸ਼ੌਕੀਨ ਹੋ ਗਿਆ। ਕੇਜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਬੋਰਡ ਕਲਾਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਸਾਲ 2003 ’ਚ ਉਨ੍ਹਾਂ ਨੇ ਆਪਣਾ ਸਟੂਡੀਓ ਬਣਾਇਆ।

ਰਿੱਕੀ ਦੀ ਮਾਂ ਪੰਮੀ ਕੇਜ ਅਨੁਸਾਰ ਰਿੱਕੀ ਨੂੰ ਕਲਾ ਆਪਣੇ ਦਾਦਾ ਜੀ ਤੋਂ ਵਿਰਾਸਤ ’ਚ ਮਿਲੀ ਹੈ। ਉਸ ਦੇ ਦਾਦਾ ਜਾਨਕੀ ਦਾਸ ਇਕ ਅਦਾਕਾਰ ਤੇ ਸੁਤੰਤਰਤਾ ਸੈਨਾਨੀ ਸਨ। ਅਜਿਹੇ ’ਚ ਪਰਿਵਾਰ ਦਾ ਕਹਿਣਾ ਹੈ ਕਿ ਕਲਾ ਰਿੱਕੀ ਦੇ ਜੀਨਸ ’ਚ ਰਹਿੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਿੱਕੀ ਨੇ ਇਹ ਐਵਾਰਡ ਬ੍ਰਿਟਿਸ਼ ਰੌਕ ਬੈਂਡ ‘ਦਿ ਪੁਲਿਸ’ ਦੇ ਡ੍ਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ। ਦੋਵਾਂ ਨੂੰ ਇਹ ਐਵਾਰਡ ਬੈਸਟ ਇਮਰਸਿਵ ਆਡੀਓ ਐਲਬਮ ਸ਼੍ਰੇਣੀ ’ਚ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਮਿਊਜ਼ਿਕ ਕੰਪੋਜ਼ਰ ਕੇਜ ਨੂੰ ਸਾਲ 2015 ’ਚ ਪਹਿਲਾ ਗ੍ਰੈਮੀ ਐਵਾਰਡ ਮਿਲਿਆ ਸੀ। ਉਨ੍ਹਾਂ ਨੂੰ ਇਹ ਐਵਾਰਡ ‘ਵਿੰਡਜ਼ ਆਫ ਸਮਸਾਰਾ’ ਲਈ ਦਿੱਤਾ ਗਿਆ।

Add a Comment

Your email address will not be published. Required fields are marked *