ਯੂਐੱਨ ਸੁਰੱਖਿਆ ਕੌਂਸਲ ਮੈਂਬਰਾਂ ਦੀ ਮੇਜ਼ਬਾਨੀ ਕਰੇਗਾ ਭਾਰਤ

ਸੰਯੁਕਤ ਰਾਸ਼ਟਰ, 4 ਅਗਸਤ

ਭਾਰਤ ਅਤਿਵਾਦ ਦੇ ਟਾਕਰੇ ਬਾਰੇ 29 ਅਕਤੂਬਰ ਨੂੰ ਹੋਣ ਵਾਲੀ ਵਿਸ਼ੇਸ਼ ਮੀਟਿੰਗ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ 15 ਮੁਲਕੀ ਯੂਐੱਨ ਸੁਰੱਖਿਆ ਕੌਂਸਲ ਦੇ ਡਿਪਲੋਮੈਟ ਸ਼ਾਮਲ ਹੋਣਗੇ। ਭਾਰਤ ਨੂੰ ਦੋ ਸਾਲ ਲਈ ਯੂਐੱਨ ਸੁਰੱਖਿਆ ਕੌਂਸਲ ਦਾ ਅਸਥਾਈ ਮੈਂਬਰ ਚੁਣਿਆ ਗਿਆ ਸੀ ਤੇ ਆਲਮੀ   ਸੰਸਥਾ ਵਿੱਚ ਭਾਰਤ ਦਾ ਇਹ ਦੂਜਾ ਸਾਲ ਹੈ। ਕੌਂਸਲ ਵਿੱਚ ਭਾਰਤ ਦਾ ਕਾਰਜਕਾਲ ਦਸੰਬਰ ਵਿੱਚ ਖ਼ਤਮ ਹੋਵੇਗਾ ਤੇ ਉਸੇ ਮਹੀਨੇ ਮੁਲਕ ਕੋਲ ਯੂਐੱਨ ਦੀ ਇਸ ਸਭ ਤੋਂ ਤਾਕਤਵਰ ਜਥੇਬੰਦੀ ਦੀ ਪ੍ਰਧਾਨਗੀ ਵੀ ਹੋਵੇਗੀ।

ਭਾਰਤ ਸਾਲ 2022 ਲਈ ਸੁਰੱਖਿਆ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਅਤੇ ਅਕਤੂਬਰ ਵਿੱਚ 15 ਮੁਲਕੀ ਸੁਰੱਖਿਆ ਕੌਂਸਲ ਦੇ ਡਿਪਲੋਮੈਟਾ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਅਮਰੀਕਾ, ਚੀਨ ਤੇ ਰੂਸ ਜਿਹੇ ਸਥਾਈ ਮੈਂਬਰਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਸੁਰੱਖਿਆ ਕੌਂਸਲ ਦੇ ਮੌਜੂਦਾ ਮੈਂਬਰਾਂ ਵਿੱਚ ਅਲਬਾਨੀਆ, ਬ੍ਰਾਜ਼ੀਲ, ਗਾਬੋਨ, ਘਾਨਾ, ਭਾਰਤ, ਆਇਰਲੈਂਡ, ਕੀਨੀਆ, ਮੈਕਸਿਕੋ, ਨਾਰਵੇ ਤੇ ਯੂਏਈ ਅਤੇ ਪੰਜ ਸਥਾਈ ਮੈਂਬਰਾਂ ਵਿੱਚ ਚੀਨ, ਫਰਾਂਸ, ਰੂਸ, ਯੂਕੇ ਤੇ ਅਮਰੀਕਾ ਸ਼ਾਮਲ ਹਨ। ਕਮੇਟੀ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ, ‘‘ਨਵੀਆਂ ਤੇ ਉਭਰਦੀਆਂ ਤਕਨੀਕਾਂ ਦੀ ਦੁਰਵਰਤੋਂ ਕਰਕੇ ਵਧਦੇ ਖ਼ਤਰਿਆਂ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਕਾਊਂਟਰ-ਟੈਰਰਿਜ਼ਮ ਕਮੇਟੀ (ਸੀਟੀਸੀ) ਨੇ ਆਪਣੇ ਕਾਰਜਕਾਰੀ ਡਾਇਰੈਕਟੋਰੇਟ (ਸੀਟੀਈਡੀ) ਦੀ ਹਮਾਇਤ ਨਾਲ 29 ਅਕਤੂਬਰ 2022 ਨੂੰ ਭਾਰਤ ਵਿੱਚ ਇਸ ਮੁੱਦੇ ’ਤੇ ਵਿਸ਼ੇਸ਼ ਮੀਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।’’ ਉਂਜ ਆਮ ਕਰਕੇ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਮੀਟਿੰਗ ਨਿਊ ਯਾਰਕ ਤੋਂ ਬਾਹਰ ਨਹੀਂ ਹੁੰਦੀ, ਪਰ ਭਾਰਤ ਵਿੱਚ ਹੋਣ ਵਾਲੀ ਮੀਟਿੰਗ ਸੱਤਵਾਂ ਮੌਕਾ ਹੈ ਜਦੋਂ ਅਜਿਹਾ ਹੋ ਰਿਹਾ ਹੈ। ਯੂਐੱਨ ਹੈੱਡਕੁਆਰਟਰ ਤੋਂ ਬਾਹਰ ਸੀਟੀਸੀ ਦੀ ਹਾਲੀਆ ਵਿਸ਼ੇਸ਼ ਮੀਟਿੰਗ ਜੁਲਾਈ 2015 ਵਿੱਚ ਸਪੇਨ ਵਿੱਚ ਹੋਈ ਸੀ। 

Add a Comment

Your email address will not be published. Required fields are marked *