ਵੈਨਕੂਵਰ: ਚਾਰ ਸਾਲ ਬਾਅਦ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ

ਵੈਨਕੂਵਰ, 16 ਅਪਰੈਲ

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ  ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਰੋਨਾ ਪਾਬੰਦੀਆਂ ਕਾਰਨ ਪਿਛਲੇ ਤਿੰਨ ਸਾਲਾਂ ’ਚ ਨਗਰ ਕੀਰਤਨ ਨਹੀਂ ਸਜਾਇਆ ਜਾ ਸਕਿਆ। ਗੁਰਦੁਆਰਾ ਸਾਹਿਬ ਰੌਸ ਸਟਰੀਟ ’ਚ ਜੁੜੀ ਸੰਗਤ ਦੀ ਅਰਦਾਸ ਮਗਰੋਂ 11 ਵਜੇ ਨਗਰ ਕੀਰਤਨ ਸ਼ੁਰੂ ਹੋਇਆ। ਖਾਲਸਾਈ ਵਿਰਾਸਤ ਵਾਲੀ ਸਜਾਵਟ ਨਾਲ ਤਿਆਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਗਤਕਾ ਪਾਰਟੀ ਵੱਲੋਂ ਜੌਹਰ ਦਿਖਾਏ ਗਏ। ਸਾਰਾ ਦਿਨ ਹੁੰਦੀ ਰਹੀ ਕਿਣਮਿਣ ਵੀ ਸਿੱਖ ਸੰਗਤ ਦੇ ਉਤਸ਼ਾਹ ਨੂੰ ਮੱਠਾ ਨਾ ਪਾ ਸਕੀ। ਵੈਨਕੂਵਰ ਪੁਲੀਸ ਵੱਲੋਂ ਸੁਚੱਜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਈਬੀ ਤੇ ਉਨ੍ਹਾਂ ਦੇ ਮੰਤਰੀਆਂ ਵਿੱਚੋਂ ਕੁਝ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਤੇ ਸੰਗਤ ਨੂੰ ਵਧਾਈ ਦਿੱਤੀ। ਇਸ ਖੇਤਰ ਦੇ ਸੰਸਦ ਮੈਂਬਰਾਂ ਨੇ ਵੀ ਹਾਜ਼ਰੀ ਭਰ ਕੇ ਵੋਟਰਾਂ ਨੂੰ ਮਿਲਣ ਦਾ ਮੌਕਾ ਨਾ ਖੁੰਝਾਇਆ। 

ਕਰੀਬ 6 ਘੰਟੇ ਬਾਅਦ ਸ਼ਾਮ ਪੰਜ ਵਜੇ ਨਗਰ ਕੀਰਤਨ ਦੀ ਸਮਾਪਤੀ ਹੋਈ। ਸਾਰੇ ਰਸਤੇ ਵਿੱਚ ਲੋਕਾਂ ਵੱਲੋਂ ਵੱਖ ਵੱਖ ਖਾਣਿਆਂ ਤੇ ਫਲਾਂ ਆਦਿ ਦੇ ਲੰਗਰ ਲਗਾਏ ਗਏ ਹੋਏ ਸਨ। ਸਿਹਤ ਵਿਭਾਗ ਨੇ ਕਿਸੇ ਅਣਸੁਖਾਵੀਂ ਘਟਨਾ ਨਾਲ ਸਿੱਝਣ ਲਈ ਖਾਸ ਪ੍ਰਬੰਧ ਕੀਤੇ ਗਏ ਸਨ।  ਕਈ ਸ਼ਰਧਾਲੂ ਨਗਰ ਕੀਰਤਨ ’ਚ ਆਪੋ-ਆਪਣੇ ਵਾਹਨਾਂ ਨੂੰ ਝਾਕੀਆਂ ਦੇ ਰੂਪ ਵਿੱਚ ਸਜਾ ਕੇ ਸ਼ਾਮਲ ਹੋਏ। ਖੇਤੀ ਦੇ ਸ਼ੌਕੀਨ ਪੰਜਾਬੀ ਭਾਰਤ ਤੋਂ ਮੰਗਵਾਏ ਟਰੈਕਟਰਾਂ ਨੂੰ ਸਜਾ ਕੇ ਲਿਆਏ ਹੋਏ ਸਨ। ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਨਗਰ ਕੀਰਤਨ 22 ਅਪਰੈਲ ਨੂੰ ਸਰੀ ਵਿੱਚ ਸਜਾਇਆ ਜਾਵੇਗਾ।

ਜਸਟਿਨ ਟਰੂਡੋ ਨੇ ਵੈਨਕੂਵਰ ਦੇ ਗੁਰਦੁਆਰੇ ਮੱਥਾ ਟੇਕਿਆ

ਖਾਲਸਾ ਸਾਜਨਾ ਦਿਵਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਪਹੁੰਚੇ ਅਤੇ ਮੱਥਾ ਟੇਕਿਆ। ਉਨ੍ਹਾਂ ਸਿੱਖ ਸੰਗਤ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਕੌਮਾਂਤਰੀ ਵਿਕਾਸ ਮਾਮਲਿਆਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਵੀ ਉਨ੍ਹਾਂ ਨਾਲ ਸਨ, ਜੋ ਵੈਨਕੂਵਰ ਦੱਖਣੀ ਹਲਕਾ, ਜਿਥੇ ਇਹ ਗੁਰਦੁਆਰਾ ਸਥਿਤ ਹੈ, ਤੋਂ ਸੰਸਦ ਮੈਂਬਰ ਹਨ। ਪ੍ਰਧਾਨ ਮੰਤਰੀ ਨੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਉੱਥੇ ਮੌਜੂਦ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਉੱਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੋਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਾਰਨਾਂ ਕਰਕੇ ਉਹ ਨਗਰ ਕੀਰਤਨ ਵਿੱਚ ਸ਼ਾਮਲ ਨਾ ਹੋ ਸਕੇ। ਉਨ੍ਹਾਂ ਇਸ ਕਾਰਜ ਲਈ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੱਤੀ।

Add a Comment

Your email address will not be published. Required fields are marked *