ਪਰਥ ਸਕਾਚਰਸ ਬਣੀ ਚੈਂਪੀਅਨ, ਫਾਈਨਲ ‘ਚ ਬ੍ਰਿਸਬੇਨ ਹੀਟ ਨੂੰ ਕੀਤਾ ਚਿੱਤ

ਬਿਗ ਬੈਸ਼ ਲੀਗ (BBL) ਦੇ 12ਵੇਂ ਐਡੀਸ਼ਨ ਦੇ ਫਾਈਨਲ ਮੈਚ ‘ਚ ਪਰਥ ਸਕਾਚਰਸ ਨੇ ਬ੍ਰਿਸਬੇਨ ਹੀਟ ਨੂੰ 5 ਵਿਕਟਾਂ ਨਾਲ ਹਰਾ ਕੇ BBL ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। ਫਾਈਨਲ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬ੍ਰਿਸਬੇਨ ਹੀਟ ਨੇ 176 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ‘ਚ ਪਰਥ ਸਕਾਚਰਸ ਨੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਟੀਚਾ ਹਾਸਲ ਕਰ ਲਿਆ। ਪਰਥ ਸਕਾਚਰਸ ਨੇ ਪੰਜਵੀਂ ਵਾਰ BBL ਖਿਤਾਬ ਜਿੱਤਿਆ ਹੈ।

ਬ੍ਰਿਸਬੇਨ ਦੀ ਟੀਮ ਨੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬ੍ਰਿਸਬੇਨ ਵੱਲੋਂ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਬ੍ਰਿਸਬੇਨ ਵੱਲੋਂ ਸਭ ਤੋਂ ਵੱਡੀ ਪਾਰੀ ਨਾਥਨ ਮੈਕਸਵੀਨੀ ਵਲੋਂ ਖੇਡੀ ਗਈ, ਜਿਸ ਨੇ 37 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਓਪਨਰ ਜੋਸ਼ ਬ੍ਰਾਊਨ 12 ਗੇਂਦਾਂ ‘ਚ 25 ਦੌੜਾਂ ਬਣਾ ਕੇ ਅਤੇ ਸੈਮ ਹੇਜ਼ਲੇਟ 30 ਗੇਂਦਾਂ ‘ਚ 34 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਨਾਥਨ ਮੈਕਸਵੀਨੀ ਨੇ ਟੀਮ ਦੀ ਕਮਾਨ ਸੰਭਾਲੀ, ਹਾਲਾਂਕਿ ਉਹ ਵੀ ਜ਼ਿਆਦਾ ਦੇਰ ਟਿਕ ਨਹੀਂ ਸਕੇ।

ਇਸ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ ਮੈਕਸ ਬ੍ਰਾਇਨਟ ਨੇ 14 ਗੇਂਦਾਂ ‘ਚ 31 ਦੌੜਾਂ ਅਤੇ ਸੈਮ ਹੈਨ ਨੇ 16 ਗੇਂਦਾਂ ‘ਚ ਅਜੇਤੂ 21 ਦੌੜਾਂ ਬਣਾਈਆਂ ਅਤੇ ਬ੍ਰਿਸਬੇਨ ਦੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਪਰਥ ਸਕਾਚਰਸ ਲਈ ਜੇਸਨ ਬੇਹਰਨਡੋਰਫ ਅਤੇ ਮੈਥਿਊ ਕੈਲੀ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਡੇਵਿਡ ਪੇਨ, ਆਰੋਨ ਹਾਰਡੀ ਅਤੇ ਐਂਡਰਿਊ ਟਾਈ ਨੇ ਇਕ-ਇਕ ਵਿਕਟ ਲਈ।

ਟੀਚੇ ਦਾ ਪਿੱਛਾ ਕਰਦੇ ਹੋਏ ਪਰਥ ਸਕਾਚਰਸ ਲਈ ਐਸ਼ਟਨ ਟਰਨਰ ਨੇ 32 ਗੇਂਦਾਂ ‘ਤੇ 53 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਸਟੀਫਨ ਐਸਕਿਨਾਜ਼ੀ (21 ਦੌੜਾਂ) ਅਤੇ ਕੈਮਰਨ ਬੈਨਕ੍ਰਾਫਟ (15 ਦੌੜਾਂ) ਸਸਤੇ ਵਿਚ ਆਊਟ ਹੋ ਗਏ। ਇਸ ਤੋਂ ਬਾਅਦ ਆਰੋਨ ਹਰਡਲ (17 ਦੌੜਾਂ) ਅਤੇ ਜੋਸ਼ ਇੰਗਲਿਸ (26) ਵੀ ਕੁਝ ਖਾਸ ਨਹੀਂ ਕਰ ਸਕੇ। ਪੰਜਵੇਂ ਨੰਬਰ ‘ਤੇ ਆਏ ਟਰਨਰ ਨੇ ਪਰਥ ਦੀ ਪਾਰੀ ਨੂੰ ਸੰਭਾਲਿਆ। ਉਸ ਦੇ ਆਊਟ ਹੋਣ ਤੋਂ ਬਾਅਦ ਨਿਕ ਹੌਬਸਨ ਨੇ 7 ਗੇਂਦਾਂ ‘ਚ ਅਜੇਤੂ 18 ਅਤੇ ਕੂਪਰ ਕੋਨੋਲੀ ਨੇ 11 ਗੇਂਦਾਂ ‘ਤੇ ਅਜੇਤੂ 25 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਪਰਥ ਦੀ ਟੀਮ ਨੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਟੀਚਾ ਹਾਸਲ ਕਰ ਲਿਆ।

Add a Comment

Your email address will not be published. Required fields are marked *