ਪਾਲਤੂ ਤੋਤੇ ਨੇ ਮਾਲਕ ਨੂੰ ਪਾਇਆ 74 ਲੱਖ ਦਾ ਜੁਰਮਾਨਾ ਤੇ 2 ਮਹੀਨਿਆਂ ਦੀ ਜੇਲ੍ਹ

ਤਾਈਪੇ: ਲੋਕ ਆਪਣੇ ਘਰਾਂ ‘ਚ ਪੰਛੀਆਂ ਨੂੰ ਵੀ ਪਾਲਦੇ ਹਨ। ਪੰਛੀਆਂ ਵਿੱਚ ਜ਼ਿਆਦਾਤਰ ਲੋਕ ਤੋਤੇ ਨੂੰ ਪਾਲਤੂ ਦੇ ਰੂਪ ‘ਚ ਪਸੰਦ ਕਰਦੇ ਹਨ ਪਰ ਇਕ ਵਿਅਕਤੀ ਨੂੰ ਆਪਣੇ ਪਾਲਤੂ ਤੋਤੇ ਕਾਰਨ 74 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ ਹੈ। ਇੰਨਾ ਹੀ ਨਹੀਂ, ਵਿਅਕਤੀ ਨੂੰ ਤੋਤੇ ਕਾਰਨ 2 ਮਹੀਨਿਆਂ ਦੀ ਜੇਲ੍ਹ ਵੀ ਹੋ ਗਈ। ਮਾਮਲਾ ਤਾਈਵਾਨ ਦਾ ਦੱਸਿਆ ਜਾ ਰਿਹਾ ਹੈ। ਦਰਅਸਲ, ਵਿਅਕਤੀ ਦੇ ਪਾਲਤੂ ਤੋਤੇ ਕਾਰਨ ਇਕ ਡਾਕਟਰ ਨੂੰ ਸੱਟ ਲੱਗ ਗਈ, ਜਿਸ ਨੂੰ ਲੈ ਕੇ ਡਾਕਟਰ ਨੇ ਤੋਤੇ ਦੇ ਮਾਲਕ ਖ਼ਿਲਾਫ਼ ਕੋਰਟ ਕੇਸ ਕਰ ਦਿੱਤਾ ਸੀ।

ਰਿਪੋਰਟ ਮੁਤਾਬਕ ਡਾਕਟਰ ਲਿਨ ਸਵੇਰੇ ਜੌਗਿੰਗ ਕਰ ਰਹੇ ਸਨ। ਉਥੋਂ ਇਕ ਵਿਅਕਤੀ ਆਪਣੇ ਪਾਲਤੂ ਤੋਤੇ ਨਾਲ ਆਇਆ ਸੀ। ਉਸ ਦਾ ਤੋਤਾ ਮਕਾਊ ਨਸਲ ਦਾ ਹੈ। ਜਦੋਂ ਡਾਕਟਰ ਦੌੜ ਰਿਹਾ ਸੀ ਤਾਂ ਉਸ ਵਿਅਕਤੀ ਦਾ ਪਾਲਤੂ ਤੋਤਾ ਉੱਡ ਕੇ ਡਾਕਟਰ ਦੇ ਮੋਢੇ ’ਤੇ ਬੈਠ ਗਿਆ ਤੇ ਆਪਣੇ ਖੰਬ ਫੜਫੜਾਉਣ ਲੱਗਾ। ਇਸ ਨਾਲ ਡਾਕਟਰ ਡਰ ਗਿਆ ਅਤੇ ਜ਼ਮੀਨ ’ਤੇ ਡਿੱਗਣ ਨਾਲ ਜ਼ਖਮੀ ਹੋ ਗਿਆ। ਉਸ ਦੀ ਹੱਡੀ ਟੁੱਟ ਗਈ ਤੇ ਉਸ ਨੂੰ ਲਗਭਗ ਇਕ ਸਾਲ ਬਿਸਤਰੇ ’ਤੇ ਰਹਿਣਾ ਪਿਆ।

ਡਾਕਟਰ ਲਿਨ ਇਕ ਪਲਾਸਟਿਕ ਸਰਜਨ ਹੈ ਅਤੇ ਉਸ ਨੂੰ ਸਰਜਰੀ ਕਰਨ ਲਈ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਪੈਂਦਾ ਹੈ, ਇਸ ਲਈ ਸੱਟ ਕਾਰਨ ਭਾਰੀ ਵਿੱਤੀ ਨੁਕਸਾਨ ਹੋਇਆ। ਇਸ ਲਈ ਉਸ ਨੇ ਤੋਤੇ ਦੇ ਮਾਲਕ ਖ਼ਿਲਾਫ਼ ਕੋਰਟ ਵਿੱਚ ਮੁਕੱਦਮਾ ਕਰ ਦਿੱਤਾ ਸੀ। ਉਥੇ ਤੋਤੇ ਦੇ ਮਾਲਕ ਹੁਆਂਗ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਮਕਾਊ ਹਿੰਸਕ ਪੰਛੀ ਨਹੀਂ ਹੈ ਅਤੇ ਜੁਰਮਾਨਾ ਬਹੁਤ ਜ਼ਿਆਦਾ ਹੈ।

Add a Comment

Your email address will not be published. Required fields are marked *