ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਦਾ ਵੱਡਾ ਬਿਆਨ, ਦੱਸਿਆ ਕਦੋਂ ਹੋਵੇਗੀ ਜੇਲ੍ਹ ‘ਚੋਂ ਰਿਹਾਈ

ਲੁਧਿਆਣਾ – ਪਟਿਆਲਾ ਜੇਲ੍ਹ ’ਚ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਐਡਵੋਕੇਟ ਕਰਨ ਸਿੱਧੂ ਨੇ ਅੱਜ ਲੁਧਿਆਣਾ ਵਿਖੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਤੇ ਉਹ ਜਲਦ ਆਪਣੀ 1 ਸਾਲ ਦੀ ਸਜ਼ਾ ਪੂਰੀ ਹੋਣ ’ਤੇ ਵਾਪਸ ਆਉਣਗੇ।

ਉਨ੍ਹਾਂ ਕਿਹਾ ਕਿ ਪਹਿਲਾਂ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਬਾਰੇ ਚਰਚਾ ਹੋਈ ਸੀ ਤੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀਆਂ ਨੇ ਸਵਾਗਤ ਦੀ ਤਿਆਰੀ ਕੀਤੀ ਪਰ ਸਰਕਾਰ ਜਾਂ ਕਾਨੂੰਨੀ ਅੜਚਨਾਂ ਕਾਰਨ ਰਿਹਾਈ ਰੁਕ ਗਈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਉਨ੍ਹਾਂ ਦੇ ਪਿਤਾ ਦੀ 80 ਫੀਸਦੀ ਸਜ਼ਾ ਫਰਵਰੀ ਦੇ ਅੰਤ ’ਚ ਪੂਰੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਚੰਗਾ ਵਿਵਹਾਰ ਤੇ ਆਪਣੀ ਸਿਫਾਰਸ਼ ’ਤੇ 28 ਦਿਨ ਪਹਿਲਾਂ ਰਿਹਾਅ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਕ ਪੁਰਾਣੇ ਕੇਸ ਵਿਚ 1 ਸਾਲ ਦੀ ਸਜ਼ਾ ਭੁਗਤ ਰਹੇ ਹਨ। ਲੰਘੀ 26 ਜਨਵਰੀ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਹੋਣ ਵਾਲੇ ਕੈਦੀਆਂ ਦੀ ਸੂਚੀ ਵਿਚ ਸਿੱਧੂ ਦਾ ਨਾਂ ਹੋਣ ਦੇ ਚਰਚਿਆਂ ਨੂੰ ਲੈ ਕੇ ਉਹ ਕਈ ਦਿਨਾਂ ਤੋਂ ਸੁਰਖੀਆਂ ਵਿਚ ਹਨ। ਕਿਹਾ ਜਾ ਰਿਹਾ ਸੀ ਕਿ ਗਣਤੰਤਰ ਦਿਵਸ ਨੂੰ ਰਿਹਾਅ ਹੋਣ ਵਾਲੇ 51 ਕੈਦੀਆਂ ਦੀ ਸੂਚੀ ਵਿਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਪਰ ਇਸ ਵਾਰ ਸੂਬਾ ਸਰਕਾਰ ਵੱਲੋਂ ਕਿਸੇ ਵੀ ਕੈਦੀ ਨੂੰ ਰਿਹਾਅ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸਾਰੀਆਂ ਨਜ਼ਰਾਂ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ‘ਤੇ ਟਿਕੀਆਂ ਸਨ ਪਰ ਅੱਜ ਵੀ ਕੈਦੀਆਂ ਦੀ ਰਿਹਾਈ ਬਾਰੇ ਕੋਈ ਫ਼ੈਸਲਾ ਨਹੀਂ ਆਇਆ।

Add a Comment

Your email address will not be published. Required fields are marked *