ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ ‘ਚੋਂ ਵੀ ਬਾਹਰ ਹੋਏ ਅਡਾਨੀ

ਨਵੀਂ ਦਿੱਲੀ : ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਤ ਹੋ ਰਿਹਾ ਹੈ। ਇਕ ਸਮਾਂ ਅਜਿਹਾ ਸੀ ਜਦੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਸਕਦੇ ਹਨ ਪਰ ਸਮੇਂ ਨੇ ਅਜਿਹਾ ਗੇੜ ਲਿਆ ਕਿ ਅੱਜ ਅਡਾਨੀ ਦੁਨੀਆ ਦੇ 20 ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚੋਂ ਵੀ ਬਾਹਰ ਹੋ ਗਏ ਹਨ। ਇਸ ਦੌਰਾਨ ਸਭ ਤੋਂ ਵੱਧ ਜੋ ਚਰਚਾ ਦਾ ਵਿਸ਼ਾ ਹੈ ਉਹ ਹੈ ਹਿੰਡਨਬਰਗ ਤੇ ਹਿੰਡਨਬਰਗ ਵੱਲੋਂ ਲਾਏ ਦੋਸ਼। 

ਕੌਣ ਹੈ ਹਿੰਡਨਬਰਗ

ਹਿੰਡਨਬਰਗ ਰਿਸਰਚ ਇਕ ‘ਸ਼ਾਰਟ ਸੈਲਰ’ ਹੈ। ਸ਼ਾਰਟ ਸੈਲਿੰਗ ਇਕ ਟਰੇਡਿੰਗ ਸਟਰੈਟੇਜੀ ਹੈ, ਜੋ ਅਟਕਲਾਂ ’ਤੇ ਆਧਾਰਿਤ ਹੁੰਦੀ ਹੈ। ਇਸ ’ਚ ਕੋਈ ਵਿਅਕਤੀ ਕਿਸੇ ਵਿਸ਼ੇਸ਼ ਕੀਮਤ ’ਤੇ ਸਟਾਕ ਜਾਂ ਸਕਿਓਰਿਟੀਜ਼ ਖ਼ਰੀਦਦਾ ਹੈ ਅਤੇ ਫਿਰ ਕੀਮਤ ਜ਼ਿਆਦਾ ਹੋਣ ’ਤੇ ਉਸ ਨੂੰ ਵੇਚ ਦਿੰਦਾ ਹੈ, ਜਿਸ ਨਾਲ ਉਸ ਨੂੰ ਫ਼ਾਇਦਾ ਹੁੰਦਾ ਹੈ। ਇਸ ਦਾ ਸਭ ਤੋਂ ਬੁਨਿਆਦੀ ਤਰੀਕਾ ਹੈ ਕਿ ਸਟਾਕ ’ਚ ਗਿਰਾਵਟ ਦਾ ਅੰਦਾਜ਼ਾ ਲਾਉਣਾ ਅਤੇ ਉਸ ਦੇ ਖ਼ਿਲਾਫ਼ ਦਾਅ ਲਾਉਣਾ। ਸ਼ਾਰਟ ਸੈਲਿੰਗ ’ਚ ਨਿਵੇਸ਼ਕ ਆਮ ਤੌਰ ’ਤੇ ਉਨ੍ਹਾਂ ਸ਼ੇਅਰਾਂ ਦਾ ਮਾਲਕ ਨਹੀਂ ਹੁੰਦਾ, ਜਿਨ੍ਹਾਂ ਨੂੰ ਉਹ ਵੇਚਦਾ ਹੈ, ਉਹ ਸਿਰਫ਼ ਉਨ੍ਹਾਂ ਨੂੰ ਉਧਾਰ ਲੈਂਦਾ ਹੈ। ਅਮਰੀਕਨ ਕੰਪਨੀ ਹਿੰਡਨਬਰਗ ਰਿਸਰਚ ਦੀ ਸਥਾਪਨਾ 2017 ’ਚ ਨਾਥਨ ਐਂਡਰਸਨ ਨੇ ਕੀਤੀ।

ਹਿੰਡਨਬਰਗ ਦੇ ਦੋਸ਼

* ਗੌਤਮ ਅਡਾਨੀ ਦੇ ਛੋਟੇ ਭਰਾ ਰਾਜੇਸ਼ ਅਡਾਨੀ ਨੂੰ ਗਰੁੱਪ ਦਾ ਐੱਮ. ਡੀ. ਕਿਉਂ ਬਣਾਇਆ ਗਿਆ? ਉਨ੍ਹਾਂ ’ਤੇ ਕਸਟਮ ਟੈਕਸ ਚੋਰੀ, ਫਰਜ਼ੀ ਇੰਪੋਰਟ ਡਾਕਿਊਮੈਂਟੇਸ਼ਨ ਅਤੇ ਗ਼ੈਰ-ਕਾਨੂੰਨੀ ਕੋਲੇ ਦੀ ਦਰਾਮਦ ਕਰਨ ਦਾ ਦੋਸ਼ ਹੈ।
* ਅਡਾਨੀ ਦੇ ਭਣਵਈਏ ਸਮੀਰੋ ਵੋਰਾ ਦਾ ਨਾਂ ਡਾਇਮੰਡ ਟ੍ਰੇਡਿੰਗ ਘਪਲੇ ’ਚ ਆਉਣ ਤੋਂ ਬਾਅਦ ਉਸ ਨੂੰ ਅਡਾਨੀ ਆਸਟ੍ਰੇਲੀਆ ਡਵੀਜ਼ਨ ਦਾ ਐਗ਼ਜਿਕਿਊਟਿਵ ਡਾਇਰੈਕਟਰ ਕਿਉਂ ਬਣਇਆ ਗਿਆ?
* ਗਰੁੱਪ ਦੇ ਸ਼ੇਅਰ ਚੜ੍ਹਾਉਣ ਲਈ ਪਰਿਵਾਰ ਦਾ ਪੈਸਾ ਵਿਦੇਸ਼ੀ ਰੂਟ ਰਾਹੀਂ ਨਿਵੇਸ਼ ਕੀਤਾ।
* ਗਰੁੱਪ ਸ਼ੇਅਰ ਚੜ੍ਹਾਉਣ ਲਈ ਆਪ੍ਰੇਟਰਾਂ ਦੀ ਵਰਤੋਂ ਕੀਤੀ ਗਈ।
* ਕਾਰੋਬਾਰ ਵਧਾ-ਚੜ੍ਹਾ ਕੇ ਵਖਾਇਆ।
* ਖਾਤਿਆਂ ’ਚ ਗੜਬੜੀ ਨਾਲ 8 ਸਾਲਾਂ ’ਚ 4 ਸੀ. ਐੱਫ. ਓ. ਦਾ ਅਸਤੀਫ਼ਾ ਹੋਇਆ।

ਅਨੈਤਿਕ ‘ਸ਼ਾਰਟ ਸੈਲਰ’

ਅਡਾਨੀ ਸਮੂਹ ਨੇ ਹਿੰਡਨਬਰਗ ਰਿਸਰਚ ਨੂੰ ਇਕ ਅਨੈਤਿਕ ‘ਸ਼ਾਰਟ ਸੈਲਰ’ ਕਿਹਾ ਹੈ। ਸਮੂਹ ਨੇ ਦੋਸ਼ ਲਾਇਆ ਹੈ ਕਿ ਸ਼ੇਅਰ ਦੀ ਕੀਮਤ ’ਚ ਹੇਰਾ-ਫੇਰੀ ਕਰਨ ਅਤੇ ਉਸ ਨੂੰ ਘੱਟ ਕਰਨ ਲਈ ਰਿਪੋਰਟ ਨੂੰ ਜਾਰੀ ਕੀਤਾ ਗਿਆ ਹੈ ਤਾਂ ਕਿ ਮੁਨਾਫ਼ਾ ਕਮਾਇਆ ਜਾ ਸਕੇ।

Add a Comment

Your email address will not be published. Required fields are marked *