ਸਨਵਾਕੀਨ ਗੁਰੂਘਰ ‘ਚ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

ਸਨਵਾਕੀਨ: ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਸਨਵਾਕੀਨ ਦੇ ਸਭ ਤੋਂ ਪੁਰਾਤਨ ਗੁਰੂਘਰ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ” ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ, ਨਿਧੜਕ ਜਰਨੈਲ, ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਵੱਲੋਂ ਜ਼ੁਲਮ, ਬੁਰਾਈ ਦੇ ਖਿਲਾਫ਼ ਅਤੇ ਧਰਮ ਦੀ ਖਾਤਰ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ।

ਇਸ ਸਮੇਂ ਗੁਰੂਘਰ ਵਿੱਚ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਨੇ ਕਥਾ ਕਰਦਿਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਜੋਗੀ ਤੇ ਸਾਥੀਆਂ ਨੇ ਸੰਗਤਾਂ ਨੂੰ ਨਿਰੋਲ ਸ਼ਬਦ ਗੁਰਬਾਣੀ ਨਾਲ ਨਿਹਾਲ ਕੀਤਾ।

ਇਸੇ ਤਰ੍ਹਾਂ ਭਾਈ ਕੁਲਵੰਤ ਸਿੰਘ ਖਹਿਰਾ, ਭਾਈ ਅਮਰਜੀਤ ਅਤੇ ਭਾਈ ਸਿਮਰਨਜੀਤ ਸਿੰਘ ਨੇ ਵੀ ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਚੱਲ ਰਹੇ ਪ੍ਰਵਾਹ ਵਿੱਚ ਆਪਣੀ ਹਾਜ਼ਰੀ ਭਰਦੇ ਹੋਏ ਸੇਵਾਵਾਂ ਨਿਭਾਈਆਂ। ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਦਾ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸਮਾਗਮ ਸਮਾਪਤ ਹੋਏ।

Add a Comment

Your email address will not be published. Required fields are marked *