ਅਹਿਮ ਖ਼ਬਰ : ਪੰਜਾਬ ‘ਚ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਘੁਸਪੈਠ ਰੋਕਣ ਲਈ ਬਣੇਗੀ ਯੋਜਨਾ

ਚੰਡੀਗੜ੍ਹ : ਪੰਜਾਬ ‘ਚ ਡਰੱਗਜ਼, ਤਸਕਰਾਂ ਤੇ ਗੈਂਗਸਟਰਾਂ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ ਹੋ ਗਈ ਹੈ। ਪੁਲਸ ਵੱਲੋਂ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਤੇ ਕਮਿਸ਼ਨਰੇਟ ਪੱਧਰ ’ਤੇ ਸਰਵਿਲਾਂਸ ਯੋਜਨਾ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਤਾਂ ਕਿ ਪੰਜਾਬ ਪੁਲਸ ਆਪਣੇ ਮੁਲਾਜ਼ਮਾਂ ’ਤੇ ਵੀ ਸਖ਼ਤ ਨਜ਼ਰ ਰੱਖ ਸਕੇ ਤੇ ਸਮਾਂ ਰਹਿੰਦੇ ਹੀ ਖ਼ਾਕੀ ’ਤੇ ਦਾਗ ਲੱਗਣ ਤੋਂ ਬਚਾਇਆ ਜਾ ਸਕੇ। ਪੰਜਾਬ ਪੁਲਸ ਵੱਲੋਂ ਨਸ਼ੇ ਖਿਲਾਫ਼ ਜੁਲਾਈ ਮਹੀਨੇ ਤੋਂ ਸ਼ੁਰੂ ਕੀਤੀ ਗਈ ਵਿਸੇਸ਼ ਮੁਹਿੰਮ ਦੌਰਾਨ ਹੀ ਇਕ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਸਮੇਤ 6 ਪੁਲਸ ਅਧਿਕਾਰੀਆਂ-ਮੁਲਾਜ਼ਮਾਂ ਨੂੰ ਨਸ਼ੇ ਦੇ ਸੌਦਾਗਰਾਂ ਦੇ ਨਾਲ ਮਿਲੀ-ਭੁਗਤ ਕਾਰਨ ਨਾ ਸਿਰਫ਼ ਗ੍ਰਿਫ਼ਤਾਰ ਕੀਤਾ ਗਿਆ ਹੈ, ਸਗੋਂ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ।

ਉੱਥੇ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ‘ਚ ਸੀ. ਆਈ. ਏ. ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ‘ਚ ਆਈ. ਈ. ਡੀ. ਫਿੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਖ਼ਾਲਿਸਤਾਨੀ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸੰਪਰਕ ਸੂਤਰ ਤੇ ਪੰਜਾਬ ਪੁਲਸ ਦੇ ਮੁਲਾਜ਼ਮ ਹਰਪਾਲ ਦਾ ਨਾਮ ਸਾਹਮਣੇ ਆਇਆ। ਇਸ ਮਾਮਲੇ ਨੇ ਪੰਜਾਬ ਪੁਲਸ ‘ਚ ਗੈਂਗਸਟਰਾਂ ਵੱਲੋਂ ਆਪਣੇ ‘ਸਲੀਪਰ ਸੈੱਲ’ ਦੀ ਘੁਸਪੈਠ ਕਰਵਾਏ ਜਾਣ ਵਰਗੀਆਂ ਗੰਭੀਰ ਸਾਜਿਸ਼ਾਂ ਦਾ ਪਰਦਾਫ਼ਾਸ਼ ਕਰ ਦਿੱਤਾ ਹੈ, ਜਿਸ ਤੋਂ ਬਾਅਦ ਤੋਂ ਪੰਜਾਬ ਪੁਲਸ ਹੈਡਕੁਆਰਟਰ ਵੱਲੋਂ ਲਗਾਤਾਰ ਜ਼ਿਲ੍ਹਾ ਤੇ ਕਮਿਸ਼ਨਰੇਟ ਪੱਧਰ ’ਤੇ ਪੁਲਸ ਮੁਖੀਆਂ ਨੂੰ ਆਪਣੇ ਆਪਣੇ ਯੂਨਿਟਾਂ ‘ਚ ਪੂਰੀ ਮੁਸਤੈਦੀ ਵਰਤਣ ਲਈ ਕਿਹਾ ਜਾ ਰਿਹਾ ਹੈ।

ਉੱਥੇ ਹੀ ਡੀ. ਜੀ. ਪੀ. ਗੌਰਵ ਯਾਦਵ ਦੇ ਪੱਧਰ ’ਤੇ ਇਹ ਮੰਥਨ ਵੀ ਚੱਲ ਰਿਹਾ ਹੈ ਕਿ ਜ਼ਿਲ੍ਹਾ ਪੱਧਰ ’ਤੇ ਪੰਜਾਬ ਪੁਲਸ ਦੇ ਅੰਦਰੂਨੀ ਸਰਵਿਲਾਂਸ ਲਈ ਵੀ ਵਿੰਗ ਜਾਂ ਕਮੇਟੀਆਂ ਦਾ ਗਠਨ ਕੀਤਾ ਜਾਵੇ ਤਾਂ ਕਿ ਖ਼ਾਕੀ ‘ਚ ਮੌਜੂਦ ਕਾਲੀਆਂ ਭੇਡਾਂ ਦੀ ਨਿਸ਼ਾਨਦੇਹੀ ਮੌਕਾ ਰਹਿੰਦੇ ਕੀਤੀ ਜਾ ਸਕੇ। ਇਸ ਬਾਰੇ ਗੱਲ ਕਰਨ ’ਤੇ ਆਈ. ਜੀ. ਹੈਡਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁੱਝ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਪੁਲਸ ਮੁਲਾਜ਼ਮਾਂ ਵੱਲੋਂ ਗੈਰ-ਸਮਾਜਿਕ ਤੇ ਅਪਰਾਧਿਕ ਅਨਸਰਾਂ ਦੇ ਨਾਲ ਮਿਲੀ-ਭੁਗਤ ਦਾ ਪਤਾ ਲੱਗਿਆ ਹੈ। ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਵੱਲੋਂ ਹਰ ਪੱਧਰ ’ਤੇ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਸਾਰੇ ਵਰਦੀਧਾਰੀਆਂ ’ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਸਕੇ।

Add a Comment

Your email address will not be published. Required fields are marked *