ਪ੍ਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋਣ ਉਪਰੰਤ ਹੋ ਸਕਦੈ ਵੱਡਾ ਸਿਆਸੀ ਬਦਲਾਅ : ਡਾ. ਅਸ਼ਵਨੀ ਕੁਮਾਰ

ਗੁਰਦਾਸਪੁਰ –ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਉਪਰੰਤ ਪੰਜਾਬ ਅੰਦਰ ਵੱਡੇ ਸਿਆਸੀ ਬਦਲਾਅ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਸੰਦਰਭ ਵਿਚ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ ’ਤੇ ਵਾਪਰਦੀਆਂ ਖ਼ਾਸ ਘਟਨਾਵਾਂ ਨੂੰ ਲੈ ਕੇ ਵੱਡੇ ਸਿਆਸੀ ਬਦਲਾਅ ਹੁੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਦਾ ਸਵਰਗਵਾਸ ਹੋਣਾ ਪੰਜਾਬ ’ਚ ਸਿਆਸੀ ਬਦਲਾਅ ਦਾ ਐਲਾਨ ਹੈ। ਇਸ ਨਾਲ ਜਿੱਥੇ ਅਕਾਲੀ ਦਲ ਨੂੰ ਵੱਡੀ ਸੱਟ ਲੱਗੀ ਹੈ, ਉੱਥੇ ਹੀ ਉਨ੍ਹਾਂ ਦੀ ਕਮੀ ਦਾ ਅਹਿਸਾਸ ਅਕਾਲੀ ਦਲ ਨੂੰ ਇਕਜੁੱਟ ਕਰਨ ਦੀ ਪ੍ਰਕਿਰਿਆ ਦਾ ਆਗ਼ਾਜ਼ ਕਰ ਸਕਦਾ ਹੈ।

ਡਾ. ਕੁਮਾਰ ਨੇ ਕਿਹਾ ਕਿ ਅੱਜ ਦੇ ਹਾਲਾਤ ’ਚ ਪੰਜਾਬ ਨੂੰ ਰਚਾਨਾਤਮਕ ਸਿਆਸਤ ਦੀ ਲੋੜ ਹੈ, ਜਿਸ ’ਚ ਸਿਆਸੀ ਪਾਰਟੀਆਂ ਵੱਲੋਂ ਵਿਰੋਧੀਆਂ ਨੂੰ ਜ਼ਾਤੀ ਦੁਸ਼ਮਣ ਨਾ ਸਮਝਿਆ ਜਾਵੇ। ਕਾਂਗਰਸ ਪਾਰਟੀ ਅੰਦਰੂਨੀ ਲੜਾਈ ਕਾਰਨ ਕਮਜ਼ੋਰ ਹੋ ਰਹੀ ਹੈ ਅਤੇ ‘ਆਪ’ ਸਰਕਾਰ ਵੱਲੋਂ ਜਿਹੜੀਆਂ ਉਮੀਦਾਂ ਸਨ, ਉਹ ਅਜੇ ਪੂਰੀਆਂ ਹੋਣੀਆਂ ਬਾਕੀ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਭਾਜਪਾ-ਅਕਾਲੀ ਗੱਠਜੋੜ ਹੋਣ ਦੀ ਸੰਭਾਵਨਾ ਸਾਫ਼ ਤੌਰ ’ਤੇ ਨਜ਼ਰ ਆ ਰਹੀ ਹੈ। ਇਹ ਗੱਠਜੋੜ ਦੋਵਾਂ ਪਾਰਟੀਆਂ ਲਈ ਲਾਭਦਾਇਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਚੁਣੌਤੀ ਇਹ ਹੈ ਕਿ ਪ੍ਰਮੁੱਖ ਪਾਰਟੀਆਂ ਦੀ ਇਕ-ਦੂਜੇ ਖਿਲਾਫ਼ ਨਿੱਜੀ ਕੁੜੱਤਣ ਦਾ ਇਜ਼ਹਾਰ ਨਾ ਕਰ ਕੇ ਪੰਜਾਬ ਦੇ ਵੱਡੇ ਮੁੱਦਿਆਂ ’ਤੇ ਆਪਣਾ ਧਿਆਨ ਦੇਣ। ਅੱਜ ਵੀ ਪ੍ਰਮੁੱਖ ਤੌਰ ’ਤੇ ਆਉਣ ਵਾਲੇ ਸਾਲਾਂ ’ਚ ਪੀਣ ਵਾਲੇ ਪਾਣੀ ਦੀ ਘਾਟ, ਨੌਜਵਾਨਾਂ ਦਾ ਵਿਦੇਸ਼ਾਂ ’ਚ ਪ੍ਰਵਾਸ, ਲਾਅ ਆਰਡਰ ਵਜੋਂ ਵਿਗੜਦੀ ਸਥਿਤੀ, ਨਸ਼ਾ/ਬੇਰੋਜ਼ਗਾਰੀ, ਸਿਹਤ ਤੇ ਸਿੱਖਿਆ ਸੇਵਾਵਾਂ ਦੀ ਕੁਆਲਿਟੀ ਦਾ ਪੱਧਰ, ਭ੍ਰਿਸ਼ਟਾਚਾਰ ਅਫ਼ਸਰਸ਼ਾਹੀ ਦਾ ਬੋਲਬਾਲਾ ਪਹਿਲਾਂ ਵਾਂਗ ਕਾਇਮ ਹੈ।

ਪ੍ਰਸ਼ਾਸਨਿਕ ਸਾਧਨਾਂ ਨੂੰ ਲਾਗੂ ਕਰਨ ਦੇ ਐਲਾਨ ਅਜੇ ਕਾਗਜ਼ਾਂ ਤੱਕ ਸੀਮਤ ਹਨ। ਇਸ ਕਰ ਕੇ ਪੰਜਾਬ ’ਚ ਆਉਣ ਵਾਲੇ ਸਮੇਂ ’ਚ ਵੱਡੇ ਐਲਾਨ ਤੇ ਸਿਆਸੀ ਬਦਲਾਅ ਨੂੰ ਉਹੀ ਲੋਕ ਅੰਜਾਮ ਦੇ ਸਕਦੇ ਹਨ, ਜਿਨ੍ਹਾਂ ਦੀ ਸਿਆਸੀ ਸੋਚ ਵੱਡੀ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਸਿਆਸੀ ਪਾਰਟੀਆਂ ਦੇ ਸੁਲਝੇ ਹੋਏ ਨੇਤਾ ਘੱਟ ਤੋਂ ਘੱਟ ਪੰਜਾਬ ਦੇ ਬੁਨਿਆਦੀ ਮੁੱਦਿਆਂ ’ਤੇ ਸਾਂਝੀ ਸੋਚ ਬਣਾਉਣ ਅਤੇ ਦੂਸ਼ਣਬਾਜ਼ੀ ਦੀ ਸਿਆਸਤ ਨੂੰ ਛੱਡ ਕੇ ਪੰਜਾਬ ਦੀ ਤਰੱਕੀ ਲਈ ਕੇਂਦਰ ਸਰਕਾਰ ਨਾਲ ਰਚਨਾਤਮਕ ਸਹਿਯੋਗ ਦਾ ਰਿਸ਼ਤਾ ਕਾਇਮ ਕਰਨ।

Add a Comment

Your email address will not be published. Required fields are marked *