ਪ੍ਰਸ਼ਨ ਪੱਤਰ ਲੀਕ, ਜੂਨੀਅਰ ਕਲਰਕਾਂ ਦੀ ਪ੍ਰੀਖਿਆ ਰੱਦ

ਅਹਿਮਦਾਬਾਦ, 29 ਜਨਵਰੀ -: ਗੁਜਰਾਤ ਸਰਕਾਰ ਵੱਲੋਂ ਜੂਨੀਅਰ ਕਲਰਕਾਂ ਦੀ ਭਰਤੀ ਵਾਸਤੇ ਅੱਜ ਲਈ ਜਾਣ ਵਾਲੀ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਕਾਰਨ ਤੈਅ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਰੱਦ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਜਰਾਤ ਅਤਿਵਾਦ ਵਿਰੋਧੀ ਟੀਮ (ਏਟੀਐੱਸ) ਨੇ ਇਸ ਮਾਮਲੇ ’ਚ ਵਡੋਦਰਾ ਤੋਂ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੂੁਨੀਅਰ ਕਲਰਕਾਂ ਦੀਆਂ 1181 ਅਸਾਮੀਆਂ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ ਲਈ 9.53 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਹੜੀ ਸੂਬੇ ਵਿੱਚ 2,995 ਪ੍ਰੀਖਿਆ ਕੇਂਦਰਾਂ ’ਤੇ ਲਈ ਜਾਣੀ ਸੀ।

ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਅੱਜ ਤੜਕੇ ਇੱਕ ਸ਼ੱਕੀ ਨੂੰ ਫੜਿਆ ਅਤੇ ਉਸ ਕੋਲੋਂ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੀ ਕਾਪੀ ਬਰਾਮਦ ਕੀਤੀ, ਜਿਸ ਮਗਰੋਂ ਗੁਜਰਾਤ ਪੰਚਾਇਤ ਸੇਵਾਵਾਂ ਚੋਣ ਬੋਰਡ (ਜੀਪੀਐੱਸਐੱਸਬੀ) ਨੇ ਵਿਦਿਆਰਥੀਆਂ ਦੇ ਹਿੱਤ ਵਿੱਚ ਪ੍ਰੀਖਿਆ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਸੂਬਾ ਪੰਚਾਇਤ ਵਿਭਾਗ ਦੇ ਵਿਕਾਸ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰੀਖਿਆ ਅਗਲੇ 100 ਦਿਨਾਂ ਵਿੱਚ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੀਪੀਐੱਸਐੱਸਬੀ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੀਆਂ ਤਰੀਕਾਂ ’ਤੇ ਵਿਚਾਰ ਮਗਰੋਂ ਜਲਦੀ ਹੀ ਇਸ ਪ੍ਰੀਖਿਆ ਲਈ ਨਵੀਂ ਤਰੀਕ ਦਾ   ਐਲਾਨ ਕਰੇਗਾ। 

Add a Comment

Your email address will not be published. Required fields are marked *