ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ‘ਚ ਹੜ੍ਹ ਨੇ ਖੜ੍ਹੀ ਕੀਤੀ ਮੁਸੀਬਤ

ਵੈਲਿੰਗਟਨ- ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਲਗਾਤਾਰ ਜਾਰੀ ਮੋਹਲੇਧਾਰ ਮੀਂਹ ਅਤੇ ਉਸ ਤੋਂ ਪੈਦਾ ਹੋਈ ਹੜ੍ਹ ਵਰਗੀ ਸਥਿਤੀ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਹੋਰ ਲਾਪਤਾ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਆਕਲੈਂਡ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ।

ਉਥੇ ਹੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਫੌਜੀ ਜਹਾਜ਼ ਤੋਂ ਸ਼ਹਿਰ ਦਾ ਮੁਆਇਨਾ ਕੀਤਾ। ਜੈਸਿੰਡਾ ਆਰਡਰਨ ਦੇ ਅਸਤੀਫੇ ਤੋਂ ਬਾਅਦ ਬੁੱਧਵਾਰ ਨੂੰ ਹਿਪਕਿਨਜ਼ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਿਪਕਿਨਜ਼ ਨੇ ਕਿਹਾ, “ਮੀਂਹ ਨੇ ਆਕਲੈਂਡ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸ਼ਹਿਰ ਦੇ ਲੋਕਾਂ ਨੂੰ ਇਸ ਤੱਥ ਲਈ ਤਿਆਰ ਰਹਿਣ ਦੀ ਲੋੜ ਹੈ ਕਿ ਹੋਰ ਮੀਂਹ ਪੈ ਸਕਦਾ ਹੈ।’

ਇਸ ਤੋਂ ਪਹਿਲਾਂ, ਆਕਲੈਂਡ ਹਵਾਈ ਅੱਡੇ ਦੇ ਟਰਮੀਨਲ ਦੇ ਕੁਝ ਹਿੱਸਿਆਂ ਵਿੱਚ ਪਾਣੀ ਭਰ ਜਾਣ ਕਾਰਨ ਅਤੇ ਸਾਰੀਆਂ ਉਡਾਣਾਂ ਰੱਦ ਕੀਤੇ ਜਾਣ ਕਾਰਨ ਸ਼ੁੱਕਰਵਾਰ ਨੂੰ ਸੈਂਕੜੇ ਯਾਤਰੀ ਆਕਲੈਂਡ ਹਵਾਈ ਅੱਡੇ ‘ਤੇ ਰਾਤ ਭਰ ਫਸੇ ਰਹੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਪੁਲੀ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ, ਜਦਕਿ ਸ਼ਨੀਵਾਰ ਤੜਕੇ ਇਕ ਹੋਰ ਵਿਅਕਤੀ ਦੀ ਲਾਸ਼ ਡੁੱਬੇ ਪਾਰਕ ‘ਚੋਂ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ 2 ਹੋਰ ਲੋਕ ਲਾਪਤਾ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਕਲੈਂਡ ਵਿੱਚ ਹੜ੍ਹ ਦੇ ਪਾਣੀ ਵਿੱਚ ਵਹਿ ਜਾਣ ਤੋਂ ਬਾਅਦ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਰੇਮੁਏਰਾ ਦੇ ਉਪਨਗਰ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੇ ਧਸਣ ਕਾਰਨ ਇੱਕ ਵਿਅਕਤੀ ਲਾਪਤਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੀਆਂ ਵੀਡੀਓਜ਼ ਵਿਚ ਆਕਲੈਂਡ ਦੇ ਕੁਝ ਹਿੱਸਿਆਂ ਵਿਚ ਸੜਕਾਂ ‘ਤੇ ਛਾਤੀ ਤੱਕ ਪਾਣੀ ਭਰਿਆ ਦਿਖਾਈ ਦੇ ਰਿਹਾ ਹੈ।

Add a Comment

Your email address will not be published. Required fields are marked *