ਸ਼ਾਹਰੁਖ ਦੀ ‘ਪਠਾਨ’ ਦੇ ਵਿਵਾਦ ‘ਤੇ ਅਨੁਰਾਗ ਠਾਕੁਰ ਦਾ ਬਿਆਨ

ਨਵੀਂ ਦਿੱਲੀ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੇਸ਼ ਭਰ ‘ਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਸਮੇਤ ਕਈ ਸੰਗਠਨ ਫ਼ਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਹਨ। ਕਈ ਥਾਵਾਂ ਤੋਂ ਸਿਨੇਮਾਘਰਾਂ ‘ਚ ਭੰਨਤੋੜ ਦੀਆਂ ਖ਼ਬਰਾਂ ਵੀ ਆਈਆਂ ਹਨ। ਇਸ ਦੌਰਾਨ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਸਾਹਮਣੇ ਆਇਆ, ਜਿਸ ‘ਚ ਉਨ੍ਹਾਂ ਕਿਹਾ ਕਿ ਫ਼ਿਲਮ ‘ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ’ (ਸੀ.ਬੀ.ਐੱਫ.ਸੀ.) ਦੀ ਇਜਾਜ਼ਤ ਤੋਂ ਬਾਅਦ ਹੀ ਥੀਏਟਰ ‘ਚ ਆਉਂਦੀ ਹੈ।

ਸਾਰੇ ਪਹਿਲੂਆਂ ਦੀ ਨਿਗਰਾਨੀ ਕਰਦੈ CBFC 
ਮੁੰਬਈ ‘ਚ ਫ਼ਿਲਮਾਂ ਬਾਰੇ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ”ਭਾਰਤ ਸਰਕਾਰ ਨੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੀ ਸਥਾਪਨਾ ਕੀਤੀ ਹੈ। ਅਜਿਹੇ ‘ਚ ਜੇਕਰ ਕੋਈ ਫ਼ਿਲਮ ਥਿਏਟਰ ‘ਚ ਜਾਂਦੀ ਹੈ ਤਾਂ ਉਥੋਂ ਹੀ ਲੰਘੇਗੀ। ਉਨ੍ਹਾਂ ਕਿਹਾ ਕਿ ਸੀ. ਬੀ. ਐੱਫ. ਸੀ. ਸਾਰੇ ਪਹਿਲੂਆਂ ‘ਤੇ ਨਜ਼ਰ ਰੱਖਦੀ ਹੈ ਅਤੇ ਉਥੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਫ਼ਿਲਮ ਥੀਏਟਰ ‘ਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆਂ ‘ਚ ਆਪਣਾ ਨਾਮ ਕਮਾ ਰਹੀਆਂ ਹਨ। ਫਿਰ ਇਸ (ਬਾਈਕਾਟ) ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ‘ਤੇ ਅਸਰ ਪੈਂਦਾ ਹੈ। ਵਾਤਾਵਰਨ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਵੀ ਕਰ ਦਿੰਦੇ ਹਨ ਤਾਂ ਇਸ ਨਾਲ ਨੁਕਸਾਨ ਵੀ ਹੁੰਦਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।

ਮਲਟੀਪਲੈਕਸ ‘ਚ ਹੋ ਰਹੀ ਹੈ ਭੰਨਤੋੜ
ਬਜਰੰਗ ਦਲ ਦੇ ਕਾਰਕੁਨਾਂ ਨੇ ਫ਼ਿਲਮ ‘ਪਠਾਨ’ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਜਰੰਗ ਦਲ ਦੇ ਬੈਨਰ ਲੈ ਕੇ, 100 ਤੋਂ ਵੱਧ ਨਾਅਰੇਬਾਜ਼ੀ ਕਰ ਰਹੇ ਕਾਰਕੁਨ ਬੁੱਧਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-37 ਸਥਿਤ ਕਰਾਊਨ ਇੰਟੀਰੀਅਰ ਮਾਲ ‘ਚ ਦਾਖ਼ਲ ਹੋਏ ਅਤੇ ਮਲਟੀਪਲੈਕਸ ‘ਚ ਭੰਨਤੋੜ ਕੀਤੀ। ਦੇਸ਼ ਦੇ ਕਈ ਖੇਤਰਾਂ ਤੋਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

‘ਪਠਾਨ’ ਨੇ ਕਮਾਈ ਦੇ ਮਾਮਲੇ ‘ਚ ਤੋੜੇ ਕਈ ਰਿਕਾਰਡ
ਫ਼ਿਲਮ ‘ਪਠਾਨ’ ਆਪਣੀ ਰਿਲੀਜ਼ਿੰਗ ਤੋਂ ਬਾਅਦ ਤੋਂ ਹੀ ਕਾਫ਼ੀ ਕਮਾਈ ਕਰ ਰਹੀ ਹੈ ਅਤੇ ਇਸ ਨੇ ਸਾਰੀਆਂ ਪੁਰਾਣੀਆਂ ਫ਼ਿਲਮਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ। ਦੋ ਦਿਨਾਂ ‘ਚ ਫ਼ਿਲਮ ਨੇ ਦੁਨੀਆ ਭਰ ‘ਚ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਘਰੇਲੂ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਹਿਲੇ ਦਿਨ 57 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਜਦਕਿ ਦੂਜੇ ਦਿਨ ਇਹ ਅੰਕੜਾ 72 ਕਰੋੜ ਨੂੰ ਪਾਰ ਕਰ ਗਿਆ।

Add a Comment

Your email address will not be published. Required fields are marked *