ਪਾਕਿਸਤਾਨ ‘ਚ ਮੁੜ ਪੁਰਾਤਨ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ, ਝੁੱਗੀਆਂ-ਝੌਂਪੜੀਆਂ ਸਣੇ ਲਾਈ ਅੱਗ

ਕਰਾਚੀ: ਪਾਕਿਸਤਾਨ ‘ਚ ਘੱਟਗਿਣਤੀਆਂ ‘ਤੇ ਜ਼ੁਲਮਾਂ ਦਾ ਦੌਰ ਲਗਾਤਾਰ ਜਾਰੀ ਹੈ। ਆਏ ਦਿਨ ਹਿੰਦੂ-ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਕਰਾਚੀ ਤੋਂ ਵੀ ਸਾਹਮਣੇ ਆ ਰਿਹਾ ਹੈ, ਜਿਥੇ ਇਕ ਪੁਰਾਤਨ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। 

ਮੌਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਮੁਤਾਬਕ ਕਰਾਚੀ ਯੂਨੀਵਰਸਿਟੀ ‘ਚ ਝੁੱਗੀਆਂ-ਝੌਂਪੜੀਆਂ ਦੇ ਨਾਲ ਹਿੰਦੂ ਮੰਦਰ ਨੂੰ ਅੱਗ ਲਗਾ ਦਿੱਤੀ ਗਈ। ਸਥਾਨਕ ਲੋਕਾਂ ਮੁਤਾਬਕ ਇਸ ਪਿੱਛੇ ਭੂ-ਮਾਫੀਆ ਅਤੇ ਐੱਸ.ਐੱਚ.ਓ. ਮਾਛਵਾਨੀ ਦਾ ਹੱਥ ਦੱਸਿਆ ਜਾ ਰਿਹਾ ਹੈ। ਬਹੁਤ ਸਾਰੇ ਗ਼ਰੀਬ ਹਿੰਦੂ ਪਰਿਵਾਰ ਉੱਥੇ ਪਿਛਲੇ ਤਕਰੀਬਨ 30 ਸਾਲਾਂ ਤੋਂ ਰਹਿ ਰਹੇ ਸਨ। ਇਸ ਦੌਰਾਨ ਇਕ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਉੱਥੇ ਅੱਗ ਲਗਾਈ ਗਈ ਤਾਂ ਦੂਜੇ ਪਾਸੇ ਪੁਲਸ ਵੱਲੋਂ ਵੀ ਅੱਥਰੂ ਗੈਸ ਦੇ ਗੋਲ਼ੇ ਦਾਗ ਦਿੱਤੇ ਗਏ। ਇਸ ਸਭ ਵਿਚਾਲੇ 2 ਨੌਜਵਾਨ ਜ਼ਖ਼ਮੀ ਵੀ ਹੋ ਗਏ। ਸਥਾਨਕ ਲੋਕਾਂ ਮੁਤਾਬਕ ਸਾੜੇ ਗਏ ਮੰਦਰ ਵਿਚ ਮਾਂ ਸ਼ੇਰਾਂ ਵਾਲੀ, ਭਗਵਾਨ ਭੋਲੇਨਾਥ, ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਸਥਾਪਿਤ ਹਨ। 

ਗੁਰਦੁਆਰਾ ਰੋੜੀ ਸਾਹਿਬ ਦੇ ਆਲੇ-ਦੁਆਲੇ ਹੋਇਆ ਕਬਜ਼ਾ

ਉੱਧਰ, ਪਾਕਿਸਤਾਨ ਦੇ ਲਾਹੌਰ ‘ਚ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਆਲੇ-ਦੁਆਲੇ ਵੀ ਮੁਸਲਿਮ ਭਾਈਚਾਰੇ ਦੇ ਪਿੰਡ ਵਾਸੀਆਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਰੋਵਰ ‘ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਖਸਤਾ ਹਾਲਤ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। 

ਜ਼ਿਕਰਯੋਗ ਹੈ ਕਿ ਗੁਰਦੁਆਰਾ ਰੋੜੀ ਸਾਹਿਬ, ਪਿੰਡ ਜਾਹਮਣ, ਪੀ. ਐੱਸ. ਬਰਕੀ, ਜ਼ਿਲ੍ਹਾ ਲਾਹੌਰ ਇੰਡੋ-ਪਾਕਿ ਸਰਹੱਦ ਤੋਂ ਲਗਭਗ 2-3 ਕਿਲੋਮੀਟਰ ਦੂਰ ਉਲਾਜ ਡੱਲ, ਜ਼ਿਲ੍ਹਾ ਤਰਨਤਾਰਨ ਵਿਚ ਸਥਿਤ ਹੈ। ਗੁਰਦੁਆਰਾ ਜੋ ਕਦੇ ਅਣਵੰਡੇ ਪੰਜਾਬ ਦੇ ਸਿੱਖ ਭਾਈਚਾਰੇ ਦਾ ਮਾਣ ਸੀ, ਨੂੰ ਭਾਈ ਵਧਾਵਾ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਬਣਾਇਆ ਗਿਆ ਸੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਕਾਫ਼ੀ ਸਾਲ ਪਿੰਡ ਜਾਹਮਣ ਵਿੱਚ ਬਿਤਾਏ ਕਿਉਂਕਿ ਉਨ੍ਹਾਂ ਦੇ ਨਾਨਾ-ਨਾਨੀ ਨੇੜਲੇ ਪਿੰਡ ਡੇਰਾ ਚਾਹਲ ਵਿੱਚ ਰਹਿੰਦੇ ਸਨ।ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੀ ਜਗ੍ਹਾ ਵੀ ਚੰਗੀ ਹਾਲਤ ਵਿਚ ਨਹੀਂ ਹੈ, ਇਸ ਨੂੰ ਲੋਕਾਂ/ਖਜ਼ਾਨਾ ਖੋਜੀਆਂ ਨੇ ਕਥਿਤ ਲੁਕਵੇਂ ਖਜ਼ਾਨੇ ਦੀ ਖੋਜ ਵਿਚ ਖੋਦਾਈ ਕਰਕੇ ਤਬਾਹ ਕਰ ਦਿੱਤਾ ਹੈ। 

ਪਾਕਿਸਤਾਨ ਦੇ ਸਿੱਖ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਨੀ ਚਾਹੁੰਦੇ ਹਨ ਪਰ ਪਿੰਡ ਦੇ ਨੰਬਰਦਾਰ ਦਿਲਦਾਰ ਖ਼ਾਨ ਵੱਲੋਂ ਅਜਿਹਾ ਨਹੀਂ ਕਰਨ ਦਿੱਤਾ ਜਾ ਰਿਹਾ।

Add a Comment

Your email address will not be published. Required fields are marked *