ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਫਿਲਮ ‘ਪਠਾਨ’ ਦੇਖਣ ਲਈ ਜੁੜੀ ਵੱਡੀ ਭੀੜ

ਨਵੀਂ ਦਿੱਲੀ, 25 ਜਨਵਰੀ-: ਅਦਾਕਾਰ ਸ਼ਾਹਰੁਖ ਖ਼ਾਨ ਦੀ ਅੱਜ ਰਿਲੀਜ਼ ਹੋਈ ਫ਼ਿਲਮ ‘ਪਠਾਨ’ ਖ਼ਿਲਾਫ਼ ਦੇਸ਼ ਦੇ ਕਈ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਉਤਸ਼ਾਹ ਨਾਲ ਸਿਨੇਮਾ ਘਰਾਂ ਵਿੱਚ ਪਹੁੰਚੇ। ਰੋਸ ਪ੍ਰਦਰਸ਼ਨ ਦੌਰਾਨ ਇੰਦੌਰ ਵਿੱਚ ਇਤਰਾਜ਼ਯੋਗ ਨਾਅਰੇਬਾਜ਼ੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਹ ਪਰਚਾ ਮੁਸਲਿਮ ਭਾਈਚਾਰੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦੀਆਂ ਸਿਨੇਮਾ ਘਰਾਂ ਦੇ ਬਾਹਰ ਜਸ਼ਨ ਮਨਾਉਂਦਿਆਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਫ਼ਿਲਮ ‘ਪਠਾਨ’ ਵਿੱਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜੌਹਨ ਅਬਰਾਹਮ ਮੁੱਖ ਭੂਮਿਕਾਵਾਂ ’ਚ ਹਨ ਜਦਕਿ ਡਿੰਪਲ ਕਪਾੜੀਆ ਅਤੇ ਆਸ਼ੂਤੋਸ਼ ਰਾਣਾ ਵੀ ਫ਼ਿਲਮ ’ਚ ਅਹਿਮ ਭੂਮਿਕਾਵਾਂ ਵਿੱਚ ਹਨ। ਸਾਲ 2018 ਵਿੱਚ ਫ਼ਿਲਮ ‘ਜ਼ੀਰੋ’ ਤੋਂ ਬਾਅਦ ਸ਼ਾਹਰੁਖ ਦੀ ਇਹ ਪਹਿਲੀ ਫ਼ਿਲਮ ਹੈ। ਆਪਣੇ ਚਹੇਤੇ ਸੁਪਰਸਟਾਰ ਦੀ ਚਾਰ ਸਾਲਾਂ ਬਾਅਦ ਆਈ ਫ਼ਿਲਮ ਦੇਖਣ ਲਈ ਮੁੰਬਈ ਦੇ ਬਾਂਦਰਾ ਪੱਛਮੀ ਵਿੱਚ ਪ੍ਰਸ਼ੰਸਕ ‘ਪਠਾਨ’ ਦੇ ਵੱਡੇ-ਵੱਡੇ ਪੋਸਟਰ ਲੈ ਕੇ ਪਹੁੰਚੇ ਅਤੇ ਸਿਨੇਮਾ ਘਰਾਂ ਦੇ ਬਾਹਰ ਕੇਕ ਕੱਟ ਕੇ ਫ਼ਿਲਮ ਰਿਲੀਜ਼ ਹੋਣ ਦੀ ਖੁਸ਼ੀ ਮਨਾਈ। ਇਸੇ ਤਰ੍ਹਾਂ ਦਿੱਲੀ ਵਿੱਚ ਵੀ ਪ੍ਰਸ਼ੰਸਕ ਪਹਿਲੇ ਦਿਨ ਹੀ ‘ਪਠਾਨ’ ਦਾ ਪਹਿਲਾ ਸ਼ੋਅ ਦੇਖਣ ਸਿਨੇਮਿਆਂ ਵਿੱਚ ਪਹੁੰਚੇ। ਪੁਣੇ ਦੇ ਸਿਨੇਮਾ ਘਰਾਂ ’ਚ ਵੀ ਵੱਡੀ ਗਿਣਤੀ ’ਚ ਦਰਸ਼ਕ ਫ਼ਿਲਮ ਦੇਖਣ ਗਏ। ਕੋਲਕਾਤਾ ਵਿੱਚ ਵੀ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਵਿੱਚ ਪਠਾਨ ਫ਼ਿਲਮ ਦੇਖਣ ਲਈ ਕਾਫੀ ਉਤਸ਼ਾਹ ਨਜ਼ਰ ਆਇਆ।

Add a Comment

Your email address will not be published. Required fields are marked *