ਹਿੰਡਨਬਰਗ ਨੇ ਅਡਾਨੀ ’ਤੇ ਲਾਇਆ ਧੋਖਾਦੇਹੀ ਦਾ ਦੋਸ਼, ਅਡਾਨੀ ਸਮੂਹ ਨੇ ਕੀਤਾ ਇਨਕਾਰ

ਨਵੀਂ ਦਿੱਲੀ (ਭਾਸ਼ਾ) – ਵਿੱਤੀ ਸੋਧ ਕੰਪਨੀ ਹਿੰਡਨਬਰਗ ਰਿਸਰਚ ਨੇ ਦੋਸ਼ ਲਾਇਆ ਹੈ ਕਿ ਅਡਾਨੀ ਸਮੂਹ ‘ਖੁੱਲ੍ਹਮ-ਖੁੱਲ੍ਹ ਸ਼ੇਅਰਾਂ ’ਚ ਗੜਬੜੀ ਅਤੇ ਲੇਖਾ ਧੋਖਾਦੇਹੀ’ ’ਚ ਸ਼ਾਮਲ ਰਿਹਾ ਹੈ। ਹਾਲਾਂਕਿ, ਸਮੂਹ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਾਲ ਆਧਾਰਹੀਣ ਦੱਸਿਆ। ਉਸ ਨੇ ਕਿਹਾ ਕਿ ਇਹ ਕੁਝ ਹੋਰ ਨਹੀਂ ਬਲਕਿ ਉਸ ਦੀ ਸ਼ੇਅਰ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਦੇ ਗਲਤ ਇਰਾਦੇ ਨਾਲ ਕੀਤਾ ਗਿਆ ਹੈ। ਅਮਰੀਕੀ ਕੰਪਨੀ ਹਿੰਡਨਬਰਗ ਅਨੁਸਾਰ ਉਸ ਦੇ 2 ਸਾਲ ਦੇ ਸੋਧ ਤੋਂ ਬਾਅਦ ਇਹ ਪੱਤਾ ਲੱਗਾ ਕਿ 17,800 ਅਰਬ ਰੁਪਏ (218 ਅਰਬ ਡਾਲਰ) ਮੁੱਲ ਵਾਲਾ ਅਡਾਨੀ ਸਮੂਹ ਦਹਾਕਿਆਂ ਤੋਂ ‘ਖੁੱਲ੍ਹਮ-ਖੁੱਲ੍ਹਾ ਸ਼ੇਅਰਾਂ ’ਚ ਗੜਬੜੀ ਅਤੇ ਲੇਖਾ ਧੋਖਾਦੇਹੀ’ ’ਚ ਸ਼ਾਮਲ ਰਿਹਾ ਹੈ। ਇਹ ਰਿਪੋਰਟ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ 20,000 ਕਰੋੜ ਰੁਪਏ ਦੇ ਫਾਲੋ ਆਨ ਪਬਲਿਕ ਇਸ਼ੂ (ਐੱਫ. ਪੀ. ਓ.) ਦੀ ਅਪੀਲ ਲਈ ਖੁੱਲ੍ਹਣ ਤੋਂ ਠੀਕ ਪਹਿਲਾਂ ਆਈ ਹੈ। ਕੰਪਨੀ ਦਾ ਐੱਫ. ਪੀ. ਓ. 27 ਜਨਵਰੀ ਨੂੰ ਖੁੱਲ੍ਹ ਕੇ 31 ਜਨਵਰੀ ਨੂੰ ਬੰਦ ਹੋਵੇਗਾ। ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 85 ਫੀਸਦੀ ਤੋਂ ਵੱਧ ਓਵਰਵੈਲਿਊਡ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਉਹ ਯੂ. ਐੱਸ.-ਟ੍ਰੇਡਿਡ ਬਾਂਡ ਅਤੇ ਨਾਨ-ਇੰਡੀਅਨ ਟ੍ਰੇਡਿਡ ਡੈਰੀਵੇਟਿਵ ਇੰਸਟਰੂਮੈਂਟਸ ਰਾਹੀਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਸ਼ਾਰਟ ਪੁਜ਼ੀਸ਼ਨਜ਼ ਰੱਖੇਗੀ। ਇਸ ਨੇ ਅਡਾਨੀ ਸਮੂਹ ਦੇ ਕਰਜ਼ੇ ’ਤੇ ਚਿੰਤਾ ਪ੍ਰਗਟ ਕੀਤੀ ਹੈ। ਰਿਪੋਰਟ ’ਚ ਅਡਾਨੀ ਪਰਿਵਾਰ ਵੱਲੋਂ ਕੰਟਰੋਲ ਵਾਲੀ ਮੁਖੌਟਾ ਇਕਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਹ ਕੰਪਨੀਆਂ ਕੈਰੇਬੀਆਈ ਅਤੇ ਮਾਰੀਸ਼ਸ ਤੋਂ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੱਕ ਹੈ।

ਹਾਲਾਂਕਿ ਇਸ ਰਿਪੋਰਟ ਨੂੰ ਲੈ ਕੇ ਅਡਾਨੀ ਸਮੂਹ ਵੱਲੋਂ ਖੰਡਨ ਕੀਤਾ ਗਿਆ ਹੈ। ਅਡਾਨੀ ਸਮੂਹ ਦੇ ਗਰੁੱਪ ਸੀ. ਐੱਫ. ਓ., ਜੁਗੇਸ਼ਇੰਦਰ ਸਿੰਘ ਨੇ ਆਪਣੇ ਜਵਾਬ ’ਚ ਕਿਹਾ ਕਿ ਹਿੰਡਨਬਰਗ ਨੇ 24 ਜਨਵਰੀ 2023 ਨੂੰ ਸਾਡੇ ਨਾਲ ਬਿਨਾਂ ਸੰਪਰਕ ਕੀਤੇ ਇਸ ਰਿਪੋਰਟ ਨੂੰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਿੰਡਨਬਰਗ ਰਿਸਰਚ ਦੀ ਇਸ ਰਿਪੋਰਟ ਤੋਂ ਹੈਰਾਨ ਹਾਂ। ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕਰਨ ਜਾਂ ਆਪਣੇ ਤੱਥਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ’ਚ ਗਲਤ ਜਾਣਕਾਰੀ ਦਿੱਤੀ ਗਈ ਹੈ। ਉਸ ਦੀ ਰਿਪੋਰਟ ਬੇਬੁਨਿਆਦ ਯਾਨੀ ਆਧਾਰਹੀਣ ਹੈ, ਜਿਨ੍ਹਾਂ ਗੱਲਾਂ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਨੂੰ ਭਾਰਤ ਦੀਆਂ ਅਦਾਲਤਾਂ ਨੇ ਵੀ ਰੱਦ ਕਰ ਦਿੱਤਾ ਹੈ। ਜੁਗੇਸ਼ਿੰਦਰ ਸਿੰਘ ਨੇ 21 ਜਨਵਰੀ ਨੂੰ ਮੀਡੀਆ ਨੂੰ ਕਿਹਾ ਸੀ, “ਕਿਸੇ ਨੇ ਵੀ ਸਾਡੇ ਕਰਜ਼ੇ ਨੂੰ ਲੈ ਕੇ ਚਿੰਤਾ ਨਹੀਂ ਜਤਾਈ। ਇਕ ਵੀ ਨਿਵੇਸ਼ਕ ਨੇ ਕੁਝ ਨਹੀਂ ਕਿਹਾ ਹੈ।’’

ਹਿੰਡਨਬਰਗ ਨੇ ਕਿਹਾ,“ ਸੋਧ ਨੂੰ ਲੈ ਕੇ ਅਡਾਨੀ ਸਮੂਹ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਗਈ। ਹਜ਼ਾਰਾਂ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਕਰੀਬ 6 ਦੇਸ਼ਾਂ ਵਿਚ ਜਾ ਕੇ ਸਥਿਤੀ ਦਾ ਪਤਾ ਲਾਇਆ ਗਿਆ।’’ ਕੰਪਨੀ ਨੇ ਉਨ੍ਹਾਂ ਕੋਸ਼ਿਸ਼ਾਂ ਤੋਂ ਪਰਦਾ ਹਟਾਉਣ ਦਾ ਦਾਅਵਾ ਕੀਤਾ, ਜਿਸ ’ਚ ਕੁਝ ਮੁਖੌਟਾ ਇਕਾਈਆਂ ਨੂੰ ਢੱਕਣ ਦੇ ਉਪਾਅ ਕੀਤਾ ਗਏ ਸਨ। ਰਿਪੋਰਟ ’ਚ ਕਿਹਾ ਗਿਆ ਹੈ,‘‘ਸਮੂਹ ਦੀਆਂ ਪ੍ਰਮੁੱਖ ਸੂਚੀਬੱਧ ਕੰਪਨੀਆਂ ਨੇ ਕਾਫੀ ਕਰਜ਼ਾ ਲਿਆ ਹੈ। ਇਸ ’ਚ ਜਦੋਂ ਸ਼ੇਅਰਾਂ ਦੇ ਦਾਮ ਉਚੇ ਸਨ, ਉਦੋਂ ਉਸ ਨੂੰ ਗਿਰਵੀ ਰੱਖ ਕੇ ਲਏ ਗਏ ਕਰਜ਼ੇ ਸ਼ਾਮਲ ਹਨ। ਇਸ ਨੇ ਪੂਰੇ ਸਮੂਹ ਦੀ ਵਿੱਤੀ ਹਾਲਤ ਨੂੰ ਡਾਵਾਂਡੋਲ ਸਥਿਤੀ ’ਚ ਪਾ ਦਿੱਤਾ ਹੈ।’’

ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰ ਫਿਸਲ ਗਏ। ਹਾਲਾਂਕਿ, ਬਾਅਦ ’ਚ ਇਹ ਨੁਕਸਾਨ ਤੋਂ ਉਭਰਨ ’ਚ ਕਾਮਯਾਬ ਰਹੇ। ਅਡਾਨੀ ਐਂਟਰਪ੍ਰਾਈਜ਼ਿਜ਼ 2.5 ਫੀਸਦੀ ਹੇਠਾਂ ਆ ਗਿਆ ਸੀ ਪਰ ਸਮੂਹ ਦੇ ਬਿਆਨ ਤੋਂ ਬਾਅਦ ਦੁਪਹਿਰ 2 ਵਜੇ ਦੇ 1.5 ਫੀਸਦੀ ਹੇਠਾਂ ਸੀ। ਅਡਾਨੀ ਪੋਰਟ ਐਂਡ ਸੇਜ਼ ਲਿਮਟਿਡ ਵੀ ਇਕ ਸਮੇਂ 6.23 ਫੀਸਦੀ ਹੇਠਾਂ ਚਲਾ ਗਿਆ ਸੀ। ਬਾਅਦ ’ਚ ਇਸ ’ਚ ਕੁਝ ਸੁਧਾਰ ਆਇਆ। ਅਮਰੀਕੀ ਕੰਪਨੀ ਦੀ ਰਿਪੋਰਟ ਅਨੁਸਾਰ,“ਅਡਾਨੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਦੀ ਨੈੱਟਵਰਥ 120 ਅਰਬ ਡਾਲਰ ਹੈ। ਇਸ ਵਿਚੋਂ 100 ਅਰਬ ਡਾਲਰ ਤੋਂ ਵੱਧ ਦਾ ਇਜ਼ਾਫਾ ਪਿਛਲੇ 3 ਸਾਲਾਂ ’ਚ ਹੋਇਆ ਹੈ। ਇਸ ਦਾ ਕਾਰਨ ਸਮੂਹ ਦੀਆਂ ਸੂਚੀਬੱਧ 7 ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਹੈ। ਇਨ੍ਹਾਂ ’ਚ ਇਸ ਦੌਰਾਨ ਔਸਤਨ 819 ਫੀਸਦੀ ਦੀ ਤੇਜ਼ੀ ਹੋਈ ਹੈ।’’

Add a Comment

Your email address will not be published. Required fields are marked *