ਨਹਿਰ ‘ਚੋਂ ਨਿਕਲੀ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਹੋਈ ਲਾਸ਼

ਸਮਾਣਾ – 16 ਜਨਵਰੀ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ‘ਤੇ ਮੋਟਰਸਾਈਕਲ ਨਾਲ ਬੰਨ੍ਹੀ ਹੋਈ ਮਿਲਣ ਮਗਰੋਂ ਸਦਰ ਪੁਲਸ ਨੇ ਕੈਨੇਡਾ ’ਚ ਰਹਿ ਰਹੀ ਉਸ ਦੀ ਪਤਨੀ ਸਣੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਮ੍ਰਿਤਕ ਦੀ ਪਤਨੀ ਜਸਨ ਕੌਰ, ਸੱਸ ਚਰਨਜੀਤ ਕੌਰ, ਸਹੁਰਾ ਮੱਘਰ ਸਿੰਘ ਅਤੇ ਦਾਦਾ ਸਹੁਰਾ ਜ਼ੋਰਾ ਸਿੰਘ ਵਾਸੀ ਪਿੰਡ ਉੱਚਾ ਪਿੰਡ ਸ਼ਾਮਲ ਹਨ।

ਗਾਜੇਵਾਸ ਪੁਲਸ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਵਿੰਦਰ ਸਿੰਘ (27) ਦੇ ਪਿਤਾ ਚਮਕੌਰ ਸਿੰਘ ਨਿਵਾਸੀ ਪਿੰਡ ਕੁਲਬੁਰਛਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿਛਲੇ ਸਾਲ ਉਸ ਦੇ ਲਡ਼ਕੇ ਦੇ ਵਿਆਹ ਤੋਂ ਬਾਅਦ ਉਸ ਦੀ ਨੂੰਹ ਕੈਨੇਡਾ ਚਲੀ ਗਈ ਸੀ। ਉਸ ਦੇ ਪੁੱਤਰ ਵੱਲੋਂ ਪਤਨੀ ਨੂੰ ਕੁਝ ਦਿਨ ਪਹਿਲਾਂ ਢਾਈ ਲੱਖ ਰੁਪਏ ਭੇਜੇ ਗਏ ਸਨ। ਉਨ੍ਹਾਂ ਆਪਣੀ ਨੂੰਹ ਦਾ ਕਿਸੇ ਹੋਰ ਨੌਜਵਾਨ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਜ਼ਾਹਿਰ ਕਰਦਿਆਂ ਦੱਸਿਆ ਕਿ ਇਸ ਲੋਹੜੀ ਦੇ ਮੌਕੇ ’ਤੇ ਸਹੁਰੇ ਜਾ ਕੇ ਵਾਪਸ ਆਉਣ ਤੋਂ ਬਾਅਦ ਇਸੇ ਸ਼ੱਕ ਤਹਿਤ ਉਸ ਦਾ ਪੁੱਤਰ ਪ੍ਰੇਸ਼ਾਨ ਰਹਿੰਦਾ ਸੀ। 16 ਜਨਵਰੀ ਨੂੰ ਉਹ ਮੋਟਰਸਾਈਕਲ ’ਤੇ ਘਰੋਂ ਚਲਾ ਗਿਆ। ਤਲਾਸ਼ ਦੌਰਾਨ 22 ਜਨਵਰੀ ਨੂੰ ਗੋਤਾਖੋਰਾਂ ਦੀ ਮਦਦ ਨਾਲ ਪਿੰਡ ਜੋੜਾਮਾਜਰਾ ਨੇੜਿਓਂ ਲੰਘਦੀ ਭਾਖੜਾ ਨਹਿਰ ’ਚੋਂ ਉਸ ਦੀ ਮੋਟਰਸਾਈਕਲ ਨਾਲ ਬੰਨ੍ਹੀ ਲਾਸ਼ ਮਿਲੀ।

ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਪੁਲਸ ਨੇ ਧਾਰਾ 306 ਆਈ. ਪੀ. ਐੱਸ. ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *