ਕੰਗਾਲੀ ਦੇ ਬਾਵਜੂਦ ਪਾਕਿ ਨੇ ਖ਼ਰੀਦੀਆਂ ਅਰਬਾਂ ਡਾਲਰ ਦੀਆਂ ‘Luxury’ ਵਿਦੇਸ਼ੀ ਗੱਡੀਆਂ

ਇਸਲਾਮਾਬਾਦ : ਪਾਕਿਸਤਾਨ ਕੋਲ ਭਾਵੇਂ ਤੇਲ ਖ਼ਰੀਦਣ ਲਈ ਪੈਸਾ ਨਹੀਂ ਹੈ ਪਰ ਦੇਸ਼ ਨੇ ਪਿਛਲੇ ਛੇ ਮਹੀਨਿਆਂ ਵਿੱਚ 2,200 ਲਗਜ਼ਰੀ ਕਾਰਾਂ ਅਤੇ ਮਹਿੰਗੇ ਇਲੈਕਟ੍ਰਿਕ ਵਾਹਨਾਂ ਸਮੇਤ ਵਾਹਨਾਂ ਦੀ ਦਰਾਮਦ ‘ਤੇ 1.2 ਬਿਲੀਅਨ ਡਾਲਰ ਖ਼ਰਚ ਕੀਤੇ ਹਨ। ਪਾਕਿਸਤਾਨ ਦੇ ਇਕ ਅਖਬਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ‘ਚ ਵਿੱਤੀ ਸੰਕਟ ਦੇ ਬਾਵਜੂਦ ਇੱਥੇ ਅੰਨ੍ਹੇਵਾਹ ਮਹਿੰਗੇ ਵਾਹਨਾਂ ਦੀ ਦਰਾਮਦ ਕੀਤੀ ਜਾ ਰਹੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਡਾਲਰ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦੇ ਸਟੇਟ ਬੈਂਕ ਕੋਲ 5 ਬਿਲੀਅਨ ਡਾਲਰ ਤੋਂ ਵੀ ਘੱਟ ਪੈਸਾ ਬਚਿਆ ਹੈ। ਇਸ ਰਕਮ ਨਾਲ ਸਿਰਫ਼ ਤਿੰਨ ਹਫ਼ਤਿਆਂ ਲਈ ਦਰਾਮਦ ਦੀ ਲਾਗਤ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਪਾਕਿਸਤਾਨੀ ਅਜੇ ਵੀ ਮਹਿੰਗੀਆਂ ਲਗਜ਼ਰੀ ਗੱਡੀਆਂ ਅਤੇ ਬੇਲੋੜੀਆਂ ਚੀਜ਼ਾਂ ਖ਼ਰੀਦ ਰਹੇ ਹਨ, ਜਿਸ ਨਾਲ ਆਰਥਿਕਤਾ ‘ਤੇ ਬੋਝ ਪੈ ਰਿਹਾ ਹੈ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਕ ਪਾਸੇ ਕਾਰਾਂ ਅਤੇ ਹੋਰ ਵਾਹਨਾਂ ਦੀ ਦਰਾਮਦ ‘ਤੇ ਭਾਰੀ ਖ਼ਰਚਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਉਦਯੋਗਿਕ ਅਤੇ ਵਪਾਰਕ ਖੇਤਰਾਂ ਨਾਲ ਸਬੰਧਤ ਦਰਾਮਦਾਂ ‘ਤੇ ਪਾਬੰਦੀ ਲਗਾ ਰਹੀ ਹੈ। ਇਸ ਨਾਲ ਸਰਕਾਰ ਦੀ ਨੀਤੀ ‘ਤੇ ਕਈ ਸਵਾਲ ਖੜ੍ਹੇ ਹੁੰਦੇ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ ਅਤੇ ਲਗਾਤਾਰ ਡਿੱਗਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿਚਕਾਰ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਅਗਲੇ ਹਫ਼ਤੇ ਵਰਚੁਅਲ ਗੱਲਬਾਤ ਕਰਨਗੇ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਕੁਝ ਹਫ਼ਤਿਆਂ ‘ਚ IMF ਪ੍ਰੋਗਰਾਮ ਮੁੜ ਸ਼ੁਰੂ ਨਾ ਹੋਇਆ ਤਾਂ ਪਾਕਿਸਤਾਨ ਇਸ ਦਲਦਲ ‘ਚ ਹੋਰ ਡੁੱਬ ਸਕਦਾ ਹੈ। ਪਾਕਿਸਤਾਨ ਦੇ ਸਹਿਯੋਗੀ ਦੇਸ਼ਾਂ ਨੇ ਦੇਸ਼ ਦੇ ਸਾਹਮਣੇ ਇਹ ਸ਼ਰਤ ਵੀ ਰੱਖੀ ਹੈ ਕਿ ਜੇਕਰ ਆਈ. ਐੱਮ. ਐੱਫ. ਪਾਕਿਸਤਾਨ ਦੀ ਮਦਦ ਕਰੇਗਾ ਤਾਂ ਹੀ ਉਹ ਪਾਕਿਸਤਾਨ ਦੀ ਮਦਦ ਕਰ ਸਕਣਗੇ। ਸਾਊਦੀ ਅਰਬ ਅਤੇ ਯੂ. ਏ. ਈ.  ਵਰਗੇ ਮੁਸਲਿਮ ਦੇਸ਼ ਵੀ ਪਾਕਿਸਤਾਨ ਦੀ ਸਹਾਇਤਾ ਕਰਨ ਲਈ ਸਖ਼ਤ ਸ਼ਰਤਾਂ ਰੱਖ ਰਹੇ ਹਨ।

Add a Comment

Your email address will not be published. Required fields are marked *