ਨਿਗਰਾਨ ਕਮੇਟੀ ਗਠਿਤ ਕਰਨ ਵਾਲਿਆਂ ਤੋਂ ਖ਼ਫ਼ਾ ਹੋਏ ਪਹਿਲਵਾਨ

ਨਵੀਂ ਦਿੱਲੀ – ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਤੇ ਡਰਾਉਣ-ਧਮਕਾਉਣ ਦਾ ਦੋਸ਼ ਲਗਾਉਣ ਵਾਲੇ ਪਹਿਲਵਾਨਾਂ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ ਕਿ ਇਸ ਖੇਡ ਅਧਿਕਾਰੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਨਿਗਰਾਨ ਕਮੇਟੀ ਗਠਿਤ ਕਰਨ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਤੋਂ ਸਲਾਹ ਨਹੀਂ ਲਈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਦੀ ਪ੍ਰਧਾਨਗੀ ਵਿਚ 5 ਮੈਂਬਰੀ ਨਿਗਰਾਨ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਇਹ ਕਮੇਟੀ ਡਬਲਯੂ. ਐੱਫ. ਆਈ. ਮੁਖੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨ ਤੋਂ ਇਲਾਵਾ ਭਾਰਤੀ ਕੁਸ਼ਤੀ ਸੰਘ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਵੀ ਦੇਖੇਗੀ।

ਡਬਲਯੂ. ਐੱਫ. ਆਈ. ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ 3 ਦਿਨਾਂ ਤਕ ਧਰਨੇ ’ਤੇ ਬੈਠਣ ਵਾਲੇ ਪਹਿਲਵਾਨਾਂ ਵਿਚ ਸ਼ਾਮਲ ਬਜਰੰਗ ਪੂਨੀਆ, ਵਿਨੇਸ਼ ਫੋਗਟ, ਸਰਿਤਾ ਮੋਰ ਤੇ ਸਾਕਸ਼ੀ ਮਲਿਕ ਨੇ ਇਕ ਸਮਾਨ ਟਵੀਟ ਕਰਕੇ ਆਪਣੀ ਨਾਰਾਜ਼ਗੀ ਜਤਾਈ। ਇਨ੍ਹਾਂ ਪਹਿਲਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਠਾਕੁਰ ਨੂੰ ਟੈਗ ਕਰਕੇ ਟਵੀਟ ਕੀਤਾ ਹੈ, ‘‘ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਨਿਗਰਾਨ ਕਮੇਟੀ ਦਾ ਗਠਨ ਕਰਨ ਤੋਂ ਪਹਿਲਾਂ ਸਾਡੇ ਤੋਂ ਸਲਾਹ ਲਈ ਜਾਵੇਗੀ। ਇਹ ਅਸਲੀਅਤ ਵਿਚ ਦੁਖਦਾਇਕ ਹੈ ਕਿ ਸਾਡੇ ਤੋਂ ਸਲਾਹ ਨਹੀਂ ਲਈ ਗਈ।’’

ਪੈਨਲ ਦੇ ਹੋਰਨਾਂ ਮੈਂਬਰਾਂ ਵਿਚ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਤੇ ਮਿਸ਼ਨ ਓਲੰਪਿਕ ਸੈੱਲ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ, ਟਾਪਸ ਦੇ ਸਾਬਕਾ ਸੀ. ਈ. ਓ. ਰਾਜਗੋਪਾਲਨ ਤੇ ਭਾਰਤੀ ਖੇਡ ਅਥਾਰਟੀ (ਸਾਈ) ਦੀ ਸਾਬਕਾ ਕਾਰਜਕਾਰੀ ਨਿਰਦੇਸ਼ਕ (ਟੀਮ) ਰਾਧਿਕਾ ਸ਼੍ਰੀਮਨ ਸ਼ਾਮਲ ਹਨ। ਪਹਿਲਵਾਨਾਂ ਨੇ ਸ਼ਰਨ ਵਿਰੁੱਧ ਤਾਨਾਸ਼ਾਹੀ ਦਾ ਰਵੱਈਆ ਅਪਣਾਉਣ ਤੇ ਜੂਨੀਅਰ ਪਹਿਲਵਾਨਾਂ ਦਾ ਜਿਣਸੀ ਸੋਸ਼ਣ ਕਰਨ ਦੇ ਦੋਸ਼ ਲਗਾਏ ਸਨ। ਸ਼ਰਨ ਭਾਜਪਾ ਦਾ ਸੰਸਦ ਮੈਂਬਰ ਵੀ ਹੈ। ਪਹਿਲਵਾਨਾਂ ਨੇ ਉਨ੍ਹਾਂ ਖਿਡਾਰੀਆਂ ਦੇ ਨਾਂ ਜ਼ਾਹਿਰ ਨਹੀਂ ਕੀਤੇ ਸਨ, ਜਿਨ੍ਹਾਂ ਦਾ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਕੀਤਾ ਗਿਆ ਹੈ।

Add a Comment

Your email address will not be published. Required fields are marked *