ਸਿੱਖਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀ ਹੈ ਹਰਿਆਣਾ ਸਰਕਾਰ: ਝੀਂਡਾ

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖਾਂ ’ਚ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦੀ ਹੈ ਤੇ ਇਸ ਚਾਲ ਨੂੰ ਸਮਝਦਿਆਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰ ਪ੍ਰਧਾਨ ਸਮੇਤ ਆਪਣੇ ਅਸਤੀਫੇ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਇਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਮੈਂਬਰ ਸਰਕਾਰ ਦੇ ਹੱਥਾਂ ਵਿਚ ਖੇਡ ਰਹੇ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਝੀਂਡਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰਿਆਣਾ ਦੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਲਈ 40 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਬਣਾਈ ਹੈ ਤੇ ਇਸ ਵਿਚ ਉਨ੍ਹਾਂ ਨੂੰ ਵੀ ਮੈਂਬਰ ਲਿਆ ਗਿਆ ਸੀ। ਝੀਂਡਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਾਜਪਾ ਗੁਰੂ ਘਰਾਂ ’ਤੇ ਕਬਜ਼ਾ ਕਰਕੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰੇ ਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਆਪਣੇ ਚਹੇਤਿਆਂ ਨੂੰ ਦੇ ਕੇ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਕਰੇ। ਇਸ ਕਰਕੇ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਕਮੇਟੀ ਤੋਂ ਅਸਤੀਫਾ ਦਿੱਤਾ ਅਤੇ ਅਕਾਲ ਤਖਤ ’ਤੇ ਜਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ।

ਉਨ੍ਹਾਂ ਕਿਹਾ ਕਿ ਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਨੂੰ ਅਕਾਲ ਤਖਤ ’ਤੇ ਭਰੋਸਾ ਹੈ ਤੇ ਸੰਗਤ ਵੀ ਸਰਕਾਰ ਦੀ ਕਮੇਟੀ ਨੂੰ ਨਕਾਰਦੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਉਹ ਪੰਥਕ ਏਕਤਾ ਲਈ ਹੰਭਲਾ ਮਾਰਨ।  

Add a Comment

Your email address will not be published. Required fields are marked *