ਗਣਤੰਤਰ ਦਿਵਸ ਮੌਕੇ ਨਵਜੋਤ ਸਿੱਧੂ ਦੀ ਰਿਹਾਈ ਦੇ ਆਸਾਰ ਖ਼ਤਮ

ਚੰਡੀਗੜ੍ਹ, 24 ਜਨਵਰੀ-: ਗਣਤੰਤਰ ਦਿਵਸ ਮੌਕੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ’ਚੋਂ ਰਿਹਾਈ ਦੇ ਆਸਾਰ ਲਗਪਗ ਖ਼ਤਮ ਹੋ ਗਏ ਹਨ। ਕਾਂਗਰਸੀ ਹਲਕਿਆਂ ਵੱਲੋਂ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਵਾਗਤੀ ਤਿਆਰੀਆਂ ਵੀ ਕੀਤੀਆਂ ਹੋਈਆਂ ਸਨ।

ਹਰਿਆਣਾ ਸਰਕਾਰ ਨੇ ਅੱਜ ਗਣਤੰਤਰ ਦਿਵਸ ਮੌਕੇ ਕੈਦੀਆਂ ਦੀ ਸਜ਼ਾ ਮੁਆਫ਼ੀ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੀਤੇ ਜਾਣ ਦੀ ਸੰਭਾਵਨਾ ਕਾਫ਼ੀ ਘੱਟ ਗਈ ਹੈ। ਕੇਂਦਰ ਸਰਕਾਰ ਨੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਜਸ਼ਨਾਂ ਦੇ ਮੱਦੇਨਜ਼ਰ ਕੈਦੀਆਂ ਨੂੰ ਸਜ਼ਾ ਵਿਚ ਵਿਸ਼ੇਸ਼ ਛੋਟ ਦੇ ਕੇ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ। ਤਿੰਨ ਪੜਾਵਾਂ ਵਿਚ ਹੋਣ ਵਾਲੀ ਰਿਹਾਈ ’ਚ ਪਹਿਲਾਂ ਰਿਹਾਈ 15 ਅਗਸਤ 2022 ਨੂੰ ਮਿਲਣੀ ਸੀ ਅਤੇ ਦੂਸਰੀ ਰਿਹਾਈ 26 ਜਨਵਰੀ 2023 ਨੂੰ ਦਿੱਤੀ ਜਾਣੀ ਹੈ। ਇਸੇ ਵਰ੍ਹੇ 15 ਅਗਸਤ ਨੂੰ ਤੀਸਰੀ ਦਫ਼ਾ ਇਸ ਸਕੀਮ ਤਹਿਤ ਕੈਦੀ ਰਿਹਾਅ ਕਰਨ ਦੀ ਯੋਜਨਾ ਹੈ। ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਰਚਾ ਜ਼ੋਰਾਂ ’ਤੇ ਹੈ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੈਦੀਆਂ ਦੀ ਸਜ਼ਾ ਮੁਆਫ਼ੀ ਤਹਿਤ ਨਵਜੋਤ ਸਿੱਧੂ ਨੂੰ ਰਿਹਾਅ ਨਾ ਕਰਨ ਦਾ ਫ਼ੈਸਲਾ ਕਰ ਲਿਆ ਸੀ। ਸਰਕਾਰੀ ਸੂਤਰ ਆਖਦੇ ਹਨ ਕਿ ਕੁਝ ਨਿਯਮ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਚੇਤੇ ਰਹੇ ਕਿ ਜਦੋਂ 15 ਅਗਸਤ 2022 ਨੂੰ ਕੈਦੀਆਂ ਨੂੰ ਸਜ਼ਾ ਮੁਆਫ਼ੀ ਵਾਲੀ ਫਾਈਲ ਸਰਕਾਰ ਤਰਫ਼ੋਂ ਰਾਜਪਾਲ ਨੂੰ ਭੇਜੀ ਗਈ ਸੀ ਤਾਂ ਰਾਜਪਾਲ ਨੇ ਇਹ ਫਾਈਲ ਮੋੜ ਦਿੱਤੀ ਸੀ।

ਰਾਜਪਾਲ ਅਨੁਸਾਰ ਪਹਿਲਾਂ ਰਿਹਾਈ ਦੇ ਮਾਮਲੇ ਵਿਚ ਕੈਬਨਿਟ ਸਿਫ਼ਾਰਸ਼ ਕਰੇ ਤਾਂ ਜੋ ਉਨ੍ਹਾਂ ਨੂੰ ਕੈਦੀਆਂ ਦੇ ਜੁਰਮ ਦਾ ਪਤਾ ਲੱਗ ਸਕੇ। ਸੂਤਰ ਆਖਦੇ ਹਨ ਕਿ ਇਸ ਵਾਰ ਵੀ ਰਿਹਾਅ ਹੋਣ ਵਾਲੇ ਕੈਦੀਆਂ ਨੂੰ ਪੰਜਾਬ ਕੈਬਨਿਟ ਨੇ ਪ੍ਰਵਾਨਗੀ ਦੇਣੀ ਸੀ ਪਰ ਕੈਬਨਿਟ ਮੀਟਿੰਗ 3 ਫਰਵਰੀ ਨੂੰ ਹੋਣੀ ਹੈ ਜਿਸ ਕਰਕੇ ਇਹ ਸੰਭਾਵਨਾ ਘੱਟ ਗਈ ਹੈ। ਜੇਲ੍ਹ ਵਿਭਾਗ ਨੇ ਪਹਿਲਾਂ 51 ਕੈਦੀਆਂ ਦੀ ਰਿਹਾਈ ਵਾਲੀ ਫਾਈਲ ਮੁੱਖ ਮੰਤਰੀ ਕੋਲ ਭੇਜ ਦਿੱਤੀ ਸੀ। ਚਰਚਾ ਹੈ ਕਿ ਨਵਜੋਤ ਸਿੱਧੂ ਕਰਕੇ ਹੀ ਬਾਕੀ ਕੈਦੀਆਂ ਦੀ ਰਿਹਾਈ ਦਾ ਕੰਮ ਟਲਦਾ ਜਾਪਦਾ ਹੈ।

Add a Comment

Your email address will not be published. Required fields are marked *