ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸਾਇਨਾ ਪ੍ਰੀ-ਕੁਆਰਟਰ ਫਾਈਨਲ ’ਚ

ਟੋਕੀਓ:ਲੰਡਨ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਅੱਜ ਇੱਥੇ ਹਾਂਗਕਾਂਗ ਦੀ ਚੇਉਂਗ ਨਗਾਨ ਯੀ ’ਤੇ ਸਿੱਧੀ ਗੇਮ ਵਿੱਚ ਜਿੱਤ ਦਰਜ ਕਰ ਕੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣੀ ਚੁਣੌਤੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਪਹਿਲੇ ਗੇੜ ਦੇ ਇਸ ਮੈਚ ਵਿੱਚ ਨਗਾਨ ਯੀ ਨੂੰ 38 ਮਿੰਟਾਂ ਵਿੱਚ 21-19, 21-9 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਤੇ ਕਾਂਸੀ ਤਗ਼ਮਾ ਜਿੱਤ ਚੁੱਕੀ ਇਹ 32 ਸਾਲਾ ਖਿਡਾਰਨ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ ਕਿਉਂਕਿ ਦੂਜੇ ਗੇੜ ਦੀ ਉਸ ਦੀ ਵਿਰੋਧੀ ਖਿਡਾਰਨ ਨੋਜ਼ੋਮੀ ਓਕੂਹਾਰਾ ਜ਼ਖ਼ਮੀ ਹੋਣ ਕਰ ਕੇ ਟੂਰਨਾਮੈਂਟ ’ਚੋਂ ਹਟ ਗਈ ਹੈ। ਇਸ ਨਾਲ ਸਾਇਨਾ ਨੂੰ ‘ਬਾਈ’ ਮਿਲ ਗਈ। ਇਸੇ ਦੌਰਾਨ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਵੀ ਮਲੇਸ਼ੀਆ ਦੀ ਯੀਨ ਯੁਆਨ ਲੋ ਤੇ ਵੈਲਰੀ ਸਿਓ ਨੂੰ 21-11, 21-13 ਨਾਲ ਹਰਾ ਕੇ ਆਪਣੀ ਚੁਣੌਤੀ ਦੀ ਸ਼ੁਰੂਆਤ ਕੀਤੀ। ਉਧਰ, ਅਸ਼ਵਿਨੀ ਭੱਟ ਤੇ ਸ਼ਿਖਾ ਗੌਤਮ ਦੀ ਮਹਿਲਾ ਜੋੜੀ ਵੀ ਇਟਲੀ ਦੀ ਮਾਰਟਿਨਾ ਕੋਰਸਿਨੀ ਅਤੇ ਜੁਡਿਥ ਮਾਇਰ ਨੂੰ 21-8, 21-14 ਨਾਲ ਹਰਾ ਕੇ ਦੂਜੇ ਗੇੜ ’ਚ ਦਾਖਲ ਹੋਈ। ਇਸੇ ਦੌਰਾਨ ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਗਨ ਦੀ ਮਿਕਸਡ ਡਬਲਜ਼ ਜੋੜੀ ਨੂੰ ਹਾਰ ਝੱਲਣੀ ਪਈ। ਇਸੇ ਤਰ੍ਹਾਂ ਕ੍ਰਿਸ਼ਨ ਪ੍ਰਸਾਦ ਗਰਾਗਾ ਤੇ ਵਿਸ਼ਣੂਵਰਧਨ ਗੌੜ ਪੰਜਾਲਾ ਦੀ ਪੁਰਸ਼ ਜੋੜੀ ਤੇ ਤਨੀਸ਼ਾ ਕ੍ਰਾਸਟੋ ਤੇ ਇਸ਼ਾਨ ਭਟਨਾਗਰ ਦੀ ਮਿਕਸਡ ਜੋੜ ਵੀ ਵਿਰੋਧੀਆਂ ਕੋਲੋਂ ਹਾਰ ਗਈ।

Add a Comment

Your email address will not be published. Required fields are marked *