ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਵਫ਼ਦ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ

ਵਾਸ਼ਿੰਗਟਨ– ਅੰਮ੍ਰਿਤਸਰ ਤੋਂ ਕੈਨੇਡਾ ਆਉਣ-ਜਾਣ ਵਾਲੇ ਪੰਜਾਬੀ ਭਾਈਚਾਰੇ ਨੂੰ ਜਲਦੀ ਹੀ ਚੰਗੀ ਖ਼ਬਰ ਮਿਲ ਸਕਦੀ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਇਕ ਮੰਗ ਪੱਤਰ ਤਿਆਰ ਕੀਤਾ ਗਿਆ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਮਨਮੋਹਣ ਸਿੰਘ ਬਰਾੜ ਨੇ ਕੌਮੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਮਦਦਗਾਰ ਹੋਣ ਸਬੰਧੀ ਮੰਗ-ਪੱਤਰ ਸੌਂਪਿਆ। 

ਸਿਰਸਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਵਿੱਚ ਵਸਦੇ ਹਨ, ਜੋ ਅਕਸਰ ਹੀ ਪੰਜਾਬ ਆਪਣੀਆਂ ਜਾਇਦਾਦਾਂ ਦੀ ਦੇਖਭਾਲ ਕਰਨ, ਆਪਣੇ ਭਾਈਚਾਰੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਅਤੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਰੋਏ ਭਾਈਚਾਰਕ ਸਭਿਆਚਾਰ ਨਾਲ ਜਾਣੂੰ ਕਰਾਉਣ ਲਈ ਆਉਂਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਸਾਰੀਆਂ ਸਹੂਲਤਾਂ ਨਾਲ ਓਤਪੋਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਸਹੂਲਤ ਨਹੀਂ ਹੈ। ਸੋ ਪੰਜਾਬੀ ਪਰਦੇਸੀਆਂ ਦੀ ਸਹੂਲਤ ਦੀ ਪੂਰਤੀ ਲਈ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਯਤਨਸ਼ੀਲ ਹੋਣ।

ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਅੱਵਲ ਅਤੇ ਸਿਰਮੌਰ ਰੁਤਬਾ ਹਾਸਲ ਹੈ, ਪ੍ਰੰਤੂ ਯੂਨੀਵਰਸਿਟੀ ਸਿੰਥੈਟਿਕ ਅਥਲੈਟਿਕਸ ਟਰੈਕ ਤੋਂ ਵਿਰਵੀ ਹੈ। ਯੂਨੀਵਰਸਿਟੀ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਦੇਣ ਲਈ ਉਹ ਸਹਾਈ ਹੋਣ। ਸ੍ਰ. ਸਿਰਸਾ ਨੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਭਰੋਸਾ ਦਿੱਤਾ।ਸਿਰਸਾ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਅੰਮ੍ਰਿਤਸਰ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਅਤੇ ਹਾਈਕੋਰਟ ਦੇ ਬੈਂਚ ਦੀ ਸਥਾਪਨਾ ਮਹੱਤਵਪੂਰਨ ਜ਼ਰੂਰਤਾਂ ਹਨ। 

Add a Comment

Your email address will not be published. Required fields are marked *