ਕਸ਼ਮੀਰੀ ਪੰਡਿਤਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ: ਰਾਹੁਲ

ਜੰਮੂ, 23 ਜਨਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਸਰਕਾਰ ਹੱਥੋਂ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਭਾਈਚਾਰੇ ਖ਼ਿਲਾਫ਼ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਰਤ ਜੋੜੋ ਯਾਤਰਾ ਦੇ ਜੰਮੂ ਪਹੁੰਚਣ ’ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਾੳਣ ਦੇ ਹਰ ਸੰਭਵ ਯਤਨ ਕਰੇਗੀ। ਇਸ ਤੋਂ ਪਹਿਲਾਂ ਕਸ਼ਮੀਰੀ ਪੰਡਿਤਾਂ ਦੇ ਇਕ ਵਫ਼ਦ ਨੇ ਸਾਂਬਾ ਜ਼ਿਲ੍ਹੇ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅਤਿਵਾਦੀਆਂ ਵੱਲੋਂ ਮਿੱਥ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਸਮੇਤ ਵੱਖ ਵੱਖ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਰਾਹੁਲ ਗਾਂਧੀ ਨੇ ਸਤਵਾੜੀ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘‘ਕਸ਼ਮੀਰੀ ਪੰਡਿਤਾਂ ਨਾਲ ਮੌਜੂਦਾ ਸਰਕਾਰ ਵੱਲੋਂ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਅੱਜ ਕਸ਼ਮੀਰੀ ਪੰਡਿਤਾਂ ਨੇ ਮੇਰੇ ਨਾਲ ਮੁਲਾਕਾਤ ਕਰਕੇ ਆਪਣੇ ਮੁੱਦੇ ਦੱਸੇ ਹਨ। ਮੈਨੂੰ ਵਫ਼ਦ ਤੋਂ ਇਹ ਸੁਣ ਕੇ ਹੈਰਾਨੀ ਹੋਈ ਕਿ ਉਪ ਰਾਜਪਾਲ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਉਹ ਭੀਖ ਨਾ ਮੰਗਣ। ਮੈਂ ਉਪ ਰਾਜਪਾਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰੀ ਪੰਡਿਤ ਭੀਖ ਨਹੀਂ ਸਗੋਂ ਆਪਣਾ ਹੱਕ ਮੰਗ ਰਹੇ ਹਨ। ਉਪ ਰਾਜਪਾਲ ਨੂੰ ਕਸ਼ਮੀਰੀ ਪੰਡਿਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਸਤਵਾੜੀ ਚੌਕ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਬੇਰੁਜ਼ਗਾਰੀ ਦਰ ਦੇਸ਼ ’ਚ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਾਉਣ ਲਈ ਕਾਂਗਰਸ ਪਾਰਟੀ ਪੂਰੀ ਵਾਹ ਲਾਏਗੀ। ‘ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਤੁਹਾਡਾ ਸਭ ਤੋਂ ਵੱਡਾ ਮੁੱਦਾ ਹੈ। ਤੁਹਾਡੇ ਹੱਕ ਨੂੰ ਖੋਹ ਲਿਆ ਗਿਆ ਹੈ। ਸਾਰਾ ਪ੍ਰਬੰਧ ਬਾਹਰੀ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਜੰਮੂ ਕਸ਼ਮੀਰ ਦੇ ਲੋਕ ਮਜਬੂਰੀ ਵੱਸ ਕੁਝ ਵੀ ਨਹੀਂ ਕਰ ਪਾ ਰਹੇ ਹਨ।’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨੌਜਵਾਨ ਇੰਜਨੀਅਰ, ਡਾਕਟਰ ਅਤੇ ਵਕੀਲ ਬਣਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮੌਕੇ ਨਹੀਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰੁਜ਼ਗਾਰ ਹਾਸਲ ਕਰਨ ਦਾ ਇਕ ਜ਼ਰੀਆ ਫ਼ੌਜ ਸੀ ਪਰ ਭਾਜਪਾ ਨੇ ਅਗਨੀਵੀਰ ਯੋਜਨਾ ਲਿਆ ਕੇ ਇਹ ਰਾਹ ਵੀ ਬੰਦ ਕਰ ਦਿੱਤਾ ਹੈ। ਕਸ਼ਮੀਰੀ ਪੰਡਿਤਾਂ ਦੇ ਵਫ਼ਦ ’ਚ ਸ਼ਾਮਲ ਸਮਾਜਿਕ ਕਾਰਕੁਨ ਅਮਿਤ ਕੌਲ ਨੇ ਦੱਸਿਆ ਕਿ ਉਨ੍ਹਾਂ ਰਾਹੁਲ ਗਾਂਧੀ ਨੂੰ ਜੰਮੂ-ਸ੍ਰੀਨਗਰ ਹਾਈਵੇਅ ’ਤੇ ਬਣੀ ਜਗਤੀ ਕਾਲੋਨੀ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ ਅਤੇ ਉਹ ਕਸ਼ਮੀਰ ਜਾਣ ਸਮੇਂ ਉਥੋਂ ਦਾ ਦੌਰਾ ਕਰ ਸਕਦੇ ਹਨ। ਰਾਹੁਲ ਨੇ ਉਨ੍ਹਾਂ ਨੂੰ ਕਸ਼ਮੀਰੀ ਪੰਡਿਤਾਂ ਦੀਆਂ ਮੁਸ਼ਕਲਾਂ ਸੰਸਦ ’ਚ ਅਤੇ ਜਨਤਕ ਤੌਰ ’ਤੇ ਉਠਾਉਣ ਦਾ ਵੀ ਭਰੋਸਾ ਦਿੱਤਾ ਹੈ। ਵਫ਼ਦ ਦੇ ਇਕ ਮੈਂਬਰ ਜੀਤੇਂਦਰ ਕਾਚਰੂ ਨੇ ਕਿਹਾ ਕਿ ਰਾਹੁਲ ਵਧੀਆ ਅਤੇ ਸਾਧਾਰਨ ਇਨਸਾਨ ਹੈ। ‘ਉਸ ਨੇ ਬੜੇ ਠਰ੍ਹੰਮੇ ਨਾਲ ਸਾਡੀਆਂ ਦਿੱਕਤਾਂ ਸੁਣੀਆਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਕੋਲ ਸਾਡੀਆਂ ਸਮੱਸਿਆਵਾਂ ਸੁਣਨ ਲਈ ਸਮਾਂ ਹੈ।’

Add a Comment

Your email address will not be published. Required fields are marked *