ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਦਾ ਸ਼ੁੱਧ ਲਾਭ 16 ਫੀਸਦੀ ਘਟਿਆ

ਨਵੀਂ ਦਿੱਲੀ- ਨਿੱਜੀ ਖੇਤਰ ਦੀ ਬੀਮਾ ਕੰਪਨੀ ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਦਾ ਸ਼ੁੱਧ ਲਾਭ ਦਸੰਬਰ 2022 ਨੂੰ ਖਤਮ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 16 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ 304 ਕਰੋੜ ਰੁਪਏ ਰਹਿ ਗਿਆ। ਐੱਸ. ਬੀ. ਆਈ. ਲਾਈਫ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ 364 ਕਰੋੜ ਰੁਪਏ ਸੀ। ਬੀਮਾਕਰਤਾ ਨੇ ਦੱਸਿਆ ਕਿ ਅਕਤੂਬਰ-ਦਸੰਬਰ 2022 ’ਚ ਕੁਲ ਆਮਦਨ ਵਧ ਕੇ 26,626.71 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 20,458.31 ਕਰੋੜ ਰੁਪਏ ਸੀ।
ਕੰਪਨੀ ਦਾ ਸਾਲਵੈਂਸੀ ਅਨੁਪਾਤ ਵੀ ਸੁਧਰ ਕੇ 225 ਫੀਸਦੀ ਹੋ ਗਿਆ, ਜੋ 31 ਦਸੰਬਰ 2021 ’ਚ 209 ਫੀਸਦੀ ਸੀ। ਰੈਗੂਲੇਟਰੀ ਜ਼ਰੂਰਤਾਂ ਤਹਿਤ ਇਹ 150 ਫੀਸਦੀ ਹੋਣਾ ਚਾਹੀਦਾ ਹੈ। ਐੱਸ. ਬੀ. ਆਈ. ਲਾਈਫ ਦੀ ਪ੍ਰਬੰਧਨ-ਅਧੀਨ ਜਾਇਦਾਦ (ਏ. ਯੂ. ਐੱਮ.) 17 ਫੀਸਦੀ ਵਧ ਕੇ 31 ਦਸੰਬਰ 2022 ਨੂੰ 2,99,990 ਕਰੋੜ ਰੁਪਏ ਹੋ ਗਈ। ਇਹ ਅੰਕੜਾ 31 ਦਸੰਬਰ 2021 ਨੂੰ 2,56,870 ਕਰੋੜ ਰੁਪਏ ਸੀ। ਦਸੰਬਰ 2022 ਨੂੰ ਖਤਮ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਦਾ ਲਾਭ 940 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 830 ਕਰੋੜ ਰੁਪਏ ਸੀ।

Add a Comment

Your email address will not be published. Required fields are marked *