ਮੈਲਬੌਰਨ ‘ਚ ਕਬੱਡੀ ਕੱਪ ਦਾ ਆਯੋਜਨ, ਦਰਸ਼ਕਾਂ ਨੂੰ ਰੇਂਜ ਰੋਵਰ ਸਪੋਰਟਸ ਕਾਰ ਜਿੱਤਣ ਦਾ ਮਿਲੇਗਾ ਮੌਕਾ

ਮੈਲਬੌਰਨ – ਖੱਖ ਪ੍ਰੋਡਕਸ਼ਨ ਵੱਲੋਂ ਦੂਸਰਾ ‘ਔਜ ਕਬੱਡੀ ਕੱਪ’ 22 ਅਕਤੂਬਰ ਦਿਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਐਪਿੰਗ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਲਵ ਖੱਖ ਅਤੇ ਉਨ੍ਹਾਂ ਦੀ ਟੀਮ ਨੇ ਬੀਤੇ ਦਿਨੀ ਇੱਕ ਪ੍ਰੈੱਸ ਕਾਨਫਰੰਸ ਕੀਤੀ।ਇਸ ਦੌਰਾਨ ਪੋਸਟਰ ਰੀਲੀਜ਼ ਸਮਾਗਮ ਦੌਰਾਨ ਦੱਸਿਆ ਗਿਆ ਕਿ ਇਸ ਕੱਪ ਵਿੱਚ ਦਰਸ਼ਕ ਪਰਿਵਾਰਾਂ ਸਮੇਤ ਪਹੁੰਚਣ ਅਤੇ ਲੱਕੀ ਡਰਾਅ ਰਾਹੀਂ ਇਨਾਮ ਜਿੱਤਣ ਦਾ ਮੌਕਾ ਹਾਸਿਲ ਕਰਨ, ਜਿਸ ਵਿੱਚ ਰੇਂਜ ਰੋਵਰ ਸਪੋਰਟਸ ਕਾਰ ਵੀ ਸ਼ਾਮਿਲ ਹੈ। ਕਬੱਡੀ ਪੋਸਟਰ ਦੇ ਨਾਲ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ‘ਤੇ ਨਵੇਂ ਸਪੋਰਟਸ ਕਲੱਬ ਦੀ ਸ਼ੁਰੂਆਤ ਅਤੇ ਕੰਨਵਰ ਗਰੇਵਾਲ ਦੇ ਆਸਟ੍ਰੇਲੀਆ ਦੇ ਦੌਰੇ ਦਾ ਵੀ ਐਲਾਨ ਕੀਤਾ ਗਿਆ।

ਇਸ ਮੌਕੇ ਜੇਤੂ ਟੀਮਾਂ ਤੇ ਖਿਡਾਰੀਆਂ ਵਾਸਤੇ ਵੀ ਚੋਖੇ ਇਨਾਮ ਰੱਖੇ ਗਏ ਹਨ। ਜੇਤੂ ਟੀਮ ਨੂੰ 21000 ਡਾਲਰ, ਦੂੱਜੇ, ਤੀਜੇ ਅਤੇ ਚੌਥੇ ਨੰਬਰ ‘ਤੇ ਰਹਿਣ ਵਾਲੀਆਂ ਟੀਮਾਂ ਲਈ 11000, 7100 ਅਤੇ 6100 ਡਾਲਰਾਂ ਦੇ ਇਨਾਮ ਰੱਖੇ ਗਏ ਹਨ। ਪ੍ਰਬੰਧਕਾਂ ਅਨੁਸਾਰ ਇਸ ਕਬੱਡੀ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਖੇਡ ਸਮਾਗਮ ਹਰ ਤਰ੍ਹਾਂ ਦੇ ਨਸ਼ੇ ਤੋਂ ਵੀ ਮੁਕਤ ਹੋਵੇਗਾ ਤਾਂ ਜੋ ਪਰਿਵਾਰਾਂ ਸਮੇਤ ਪਹੁੰਚੇ ਦਰਸ਼ਕ ਖੇਡਾਂ ਦਾ ਪੂਰਾ ਆਨੰਦ ਲੈ ਸਕਣ। ਕਬੱਡੀ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ, ਬੱਚਿਆਂ ਦਾ ਭੰਗੜਾ, ਗਿੱਧਾ ਅਤੇ ਮਨੋਰੰਜਨ ਲਈ ਹੋਰ ਬਹੁਤ ਕੁਝ ਸ਼ਾਮਿਲ ਕੀਤਾ ਗਿਆ ਹੈ। ਐਪਿੰਗ ਇਲਾਕੇ ਵਿਖੇ ਹੋਏ ਇਕੱਠ ਵਿੱਚ ਭਾਰਤੀ ਅਤੇ ਪਾਕਿਸਤਾਨੀ ਮੀਡੀਏ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

Add a Comment

Your email address will not be published. Required fields are marked *