ਭਾਰਤ-ਅਮਰੀਕਾ ਸਬੰਧਾਂ ਨੂੰ ਲੈ ਕੇ ਆਸਵੰਦ ਹਾਂ: ਜੈਸ਼ੰਕਰ

ਵਾਸ਼ਿੰਗਟਨ – ਭਾਰਤ-ਅਮਰੀਕਾ ਸਬੰਧਾਂ ਨੂੰ ਪਿਛਲੇ ਕੁੱਝ ਦਹਾਕਿਆਂ ਵਿਚ ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਦੁਵੱਲੇ ਸਬੰਧ ਨੂੰ ਲੈ ਕੇ ਕਾਫ਼ੀ ਆਸਵੰਦ ਹਨ। ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨਾਲ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “…ਮੈਂ ਸਬੰਧਾਂ ਨੂੰ ਲੈ ਕੇ ਬਹੁਤ ਆਸਵੰਦ ਹਾਂ।” ਉਨ੍ਹਾਂ ਕਿਹਾ, ‘ਇਕ ਰਾਜਦੂਤ ਵਜੋਂ ਆਪਣੇ ਚਾਰ ਦਹਾਕਿਆਂ ਦੇ ਕਾਰਜਕਾਲ ਵਿੱਚ ਮੈਂ ਭਾਰਤ-ਅਮਰੀਕਾ ਸਬੰਧਾਂ ਵਿੱਚ ਸਭ ਤੋਂ ਵੱਡੀ ਤਬਦੀਲੀ ਦੇਖੀ ਹੈ।’ ਜੈਸ਼ੰਕਰ ਨੇ ਕਿਹਾ, ‘ਤੁਹਾਡਾ ਸਵਾਲ ਹੈ ਕਿ ਮੈਂ ਸਬੰਧਾਂ ਨੂੰ ਭਵਿੱਖ ਵਿਚ ਕਿੱਥੇ ਦੇਖਦਾ ਹਾਂ…ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅੱਜ ਅਮਰੀਕਾ ਨੂੰ ਭਾਰਤ ਵਰਗੇ ਦੇਸ਼ਾਂ ਨਾਲ ਕਾਫ਼ੀ ਸਰਗਰਮੀ ਨਾਲ ਕੰਮ ਕਰਦੇ ਦੇਖ ਰਿਹਾ ਹਾਂ, ਜੋ ਅਸਲ ਵਿੱਚ ਰਵਾਇਤੀ ਗੱਠਜੋੜ ਤੋਂ ਪਰੇ ਸੋਚ ਰਿਹਾ ਹੈ, ਜੋ ਸੰਭਾਵੀ ਜਾਂ ਅਸਲ ਭਾਈਵਾਲਾਂ ਦੇ ਨਾਲ-ਨਾਲ ਸਾਂਝਾ ਆਧਾਰ ਲੱਭਣ ਵਿੱਚ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ।’

ਉਨ੍ਹਾਂ ਕਿਹਾ ਕਿ ਇਸ ਦੀ ਇਕ ਵੱਡੀ ਉਦਾਹਰਣ ‘ਕਵਾਡ’ (ਚਤੁਰਭੁੱਜ ਸੁਰੱਖਿਆ ਸੰਵਾਦ) ਹੈ, ਜਿਸ ਵਿਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸ਼ਾਮਲ ਹਨ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਲਗਭਗ 2 ਦਹਾਕੇ ਪਹਿਲਾਂ (15 ਸਾਲ ਪਹਿਲਾਂ) ਅਸੀਂ ਕਵਾਡ ਦਾ ਗਠਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਇਹ ਸੰਭਵ ਨਹੀਂ ਹੋ ਸਕਿਆ ਸੀ, ਪਰ ਹੁਣ ਇਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਇਸ ਨੇ ਬਹੁਤ ਤਰੱਕੀ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਅਮਰੀਕਾ ਨਾਲ ਸਬੰਧ ਨਾ ਸਿਰਫ਼ ਹੋਰ ਮੌਕੇ ਪ੍ਰਦਾਨ ਕਰਦੇ ਹਨ, ਸਗੋਂ ਆਪਣੇ ਆਪ ਵਿੱਚ ਮਹੱਤਵਪੂਰਨ ਹਨ। ਇਸ ਸਮੇਂ ਭਾਰਤ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਵੀ ਮਿਲ ਕੇ ਕੰਮ ਕਰਨ ਨਾਲ ਹੋਣ ਵਾਲੇ ਲਾਭਾਂ ਨੂੰ ਹਾਸਲ ਕਰਨਾ ਚਾਹੇਗਾ, ਚਾਹੇ ਉਹ ਅਰਥਵਿਵਸਥਾ ਹੋਵੇ, ਚਾਹੇ ਟੈਕਨਾਲੋਜੀ ਖੇਤਰ ਹੋਵੇ, ਚਾਹੇ ਸੁਰੱਖਿਆ ਹੋਵੇ। ਉਥੇ ਹੀ ਬਲਿੰਕਨ ਨੇ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਅਮਰੀਕਾ ਅਤੇ ਭਾਰਤ ਕੋਲ ਇਸ ਸਦੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਕਿਸੇ ਵੀ ਹੋਰ ਦੇਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਸੰਭਾਵਨਾਵਾਂ ਅਤੇ ਮੌਕੇ ਹਨ।

Add a Comment

Your email address will not be published. Required fields are marked *