ਬਰਨਾਲਾ ਪੁੱਜੇ CM ਭਗਵੰਤ ਮਾਨ ਨੇ ਕੀਤੇ ਕਈ ਵੱਡੇ ਐਲਾਨ

ਬਰਨਾਲਾ/ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਵਿਖੇ ਸੇਵਾ ਸਿੰਘ ਠੀਕਰੀ ਵਾਲਾ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ ‘ਚ ਸ਼ਿਰਕਤ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਸੇਵਾ ਸਿੰਘ ਠੀਕਰੀ ਵਾਲਾ ਨੂੰ ਨਮਨ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਨਾਲਾ ਵਿਚ ਇਕ ਨਰਸਿੰਗ ਸਕੂਲ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ 35 ਫੁੱਟ ਉੱਚੀ ਮੂਰਤੀ ਲਗਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ ਏਅਰਪੋਰਟ ‘ਤੇ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਲਗਾਈ ਜਾਵੇਗੀ। ਸਰਕਾਰੀ ਸਕੂਲਾਂ ਨੂੰ ਲੈ ਕੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਚੰਗੇ ਸਕੂਲ ਅਤੇ ਹਸਪਤਾਲ ਬਣਾਏ ਜਾ ਰਹੇ ਹਨ। ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਪੜ੍ਹਾਈ ਹੋਵੇਗੀ। ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਸੂਬੇ ‘ਚ 117 ਸਕੂਲਜ਼ ਆਫ਼ ਐਂਮੀਨੈਂਨਸ ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ। 

ਉਨ੍ਹਾਂ ਕਿਹਾ ਕਿ 36 ਪ੍ਰਿੰਸੀਪਲ ਸਿੰਗਾਪੁਰ ਟਰੇਨਿੰਗ ਲਈ ਭੇਜੇ ਜਾ ਰਹੇ ਹਨ।  ਉਨ੍ਹਾਂ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਿਰਫ਼ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਿਆ ਕਰਨ ਕਿ ਪਰਮਾਤਮਾ ਪੰਜਾਬ ਨੂੰ ਹੁਣ ਇਸੇ ਤਰ੍ਹਾਂ ਲੀਹਾਂ ‘ਤੇ ਤੋਰੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿਚ ਸਲਾਨਾ 300 ਸਬ ਇੰਸਪੈਕਟਰਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਤਾਂ ਜਨਤਾ ਨਾਲ ਕੰਮ ਕਰਨਾ ਹੈ ਅਤੇ ਮੈਂ ਇਹੀ ਕਹਾਂਗਾ ਕਿ ਜੇਕਰ ਕਿਤੇ ਇਕ ਰੁਪਇਆ ਵੀ ਕੋਈ ਬੱਚਦਾ ਹੋਵੇ ਤਾਂ ਉਥੇ ਮੇਰੇ ਕੋਲੋਂ ਦਸਤਖ਼ਤ ਕਰਵਾ ਲੈਣ। ਇਸ ਦੇ ਨਾਲ ਹੀ ਨਵੀਆਂ ਫ਼ਸਲਾਂ ‘ਤੇ ਵੀ ਐੱਮ. ਐੱਸ. ਪੀ. ਦੇਣ ਦਾ ਐਲਾਨ ਕੀਤਾ। ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਕਹਿੰਦੇ ਹਨ ਕਿ ਖ਼ਜ਼ਾਨਾ ਖਾਲੀ ਹੈ। ਕੋਈ ਸਕੂਲ, ਯੂਨੀਵਰਸਿਟੀ, ਕਾਲਜ ਜਾਂ ਸੜਕ ਬਣਾਈ ਹੋਵੇ ਤਾਂ ਮੰਨ ਲਿਆ ਜਾਵੇ ਕਿ ਖ਼ਜ਼ਾਨਾ ਖਾਲੀ ਹੈ ਪਰ ਪਤਾ ਨਹੀਂ ਕਿਵੇਂ ਖ਼ਜ਼ਾਨਾ ਖਾਲੀ ਰਿਹਾ।  

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਪਿੰਡ ਦੀਆਂ ਸੱਥਾਂ ’ਚ ਰਜਿਸਟਰੀਆਂ ਹੁੰਦੀਆਂ ਸਨ, ਹੁਣ ਲੋਕ ਸ਼ਹਿਰਾਂ ਵੱਲ ਜਾਂਦੇ ਹਨ। ਤਹਿਸੀਲਦਾਰ ਮਿਲਦੇ ਨਹੀਂ ਪਰ ਆਉਣ ਵਾਲੇ ਦਿਨਾਂ ’ਚ ਤੁਸੀਂ ਦੇਖੋਗੇ ਕਿ ਤਹਿਸੀਲਦਾਰ ਤੋਂ ਲੈ ਕੇ ਡੀ. ਸੀ. ਤੱਕ ਤੁਹਾਡੇ ਪਿੰਡਾਂ ’ਚ ਆਇਆ ਕਰਨਗੇ ਅਤੇ ਪਿੰਡਾਂ ਦੀਆਂ ਸੱਥਾਂ ’ਚ ਹੀ ਬੈਠ ਕੇ ਰਜਿਸਟਰੀਆਂ ਹੋਣਗੀਆਂ। ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕੀਤਾ ਜਾਵੇਗਾ।

Add a Comment

Your email address will not be published. Required fields are marked *