ਮਮਤਾ ਬੈਨਰਜੀ ਵੱਲੋਂ ਭਾਜਪਾ ‘ਦੋਗਲੀ’ ਪਾਰਟੀ ਕਰਾਰ

ਸ਼ਿਲਾਂਗ, 18 ਜਨਵਰੀ-: ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਨੂੰ ਦੋਗਲੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਚੋਣਾਂ ਦੌਰਾਨ ਕਹਿੰਦੀ ਕੁੱਝ ਹੋਰ ਹੈ ਅਤੇ ਬਾਅਦ ਵਿੱਚ ਕਰਦੀ ਕੁੱਝ ਹੋਰ ਹੈ। ਮੇਘਾਲਿਆ ਦੇ ਗਾਰੋ ਹਿੱਲਜ਼ ਜ਼ਿਲ੍ਹੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ ਹੀ ਉੱਤਰ-ਪੂਰਬੀ ਰਾਜ ਵਿੱਚ ਬਿਹਤਰ ਸ਼ਾਸਨ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਟੀਐੱਮਸੀ ਲੋਕਾਂ ਦੇ ਸੁਫ਼ਨੇ ਪੂਰੇ ਕਰਦੀ ਹੈ। ਤ੍ਰਿਣਮੂਲ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, ‘‘ਭਾਜਪਾ ‘ਦੋਗਲੀ’ ਪਾਰਟੀ ਹੈ, ਜੋ ਚੋਣਾਂ ਦੌਰਾਨ ਕਹਿੰਦੀ ਕੁੱਝ ਹੋਰ ਹੈ ਅਤੇ ਬਾਅਦ ਵਿੱਚ ਕਰਦੀ ਕੁੱਝ ਹੋਰ ਹੈ। ਕੇਂਦਰ ਦੀ ਭਾਜਪਾ ਸਰਕਾਰ ਸਿਰਫ ਆਪਣੀ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ ਨੂੰ  ਹੀ ਫੰਡ ਦਿੰਦੀ ਹੈ।’’ ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਅਨੁਸਾਰ ਮੇਘਾਲਿਆ  ਵਿੱਚ ਵਿਧਾਨ ਸਭਾ ਲਈ 27 ਫਰਵਰੀ    ਨੂੰ ਵੋਟਾਂ ਪੈਣਗੀਆਂ।

ਮਮਤਾ ਨੇ ਕਿਹਾ, ‘‘ਪਿਛਲੇ ਪੰਜ ਸਾਲਾਂ ਵਿੱਚ ਇਸ (ਨੈਸ਼ਨਲ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ) ਸਰਕਾਰ ਨੇ ਸੂਬੇ ’ਚ ਕੀ ਕੰਮ ਕੀਤਾ ਹੈ? ਅਸੀਂ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਦਿਖਾਉਣ। ਇੰਨੇ ਸਾਲਾਂ ਬਾਅਦ ਵੀ ਮੇਘਾਲਿਆ ਦੇ ਘਰਾਂ ’ਚ ਬਿਜਲੀ ਕਿਉਂ ਨਹੀਂ ਪਹੁੰਚੀ? ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਮੌਕੇ ਕਿਉਂ ਨਹੀਂ ਮਿਲ ਰਹੇ?’’ ਉਨ੍ਹਾਂ ਕਿਹਾ, ‘‘ਜੇ ਤੁਸੀਂ ਇਸ ‘ਭ੍ਰਿਸ਼ਟ’ ਅਤੇ ‘ਜਾਅਲੀ’ ਭਾਜਪਾ ਸਰਕਾਰ ਨੂੰ ਬਦਲਣਾ ਚਾਹੁੰਦੇ ਹੋ ਤਾਂ ਤ੍ਰਿਣਮੂਲ ਕਾਂਗਰਸ ਹੀ ਭਰੋਸੇਯੋਗ ਬਦਲ ਹੈ। ਅਸੀਂ ਮੇਘਾਲਿਆ ਵਿੱਚ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਸਰਕਾਰ ਚਾਹੁੰਦੇ ਹਾਂ।” ਇਸ ਮੌਕੇ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਉੱਤਰ-ਪੂਰਬੀ ਰਾਜ ਵਿੱਚ ਸਿੱਖਿਆ, ਸਿਹਤ ਸੰਭਾਲ, ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਕਾਫੀ ਖਸਤਾ ਹੈ। 

Add a Comment

Your email address will not be published. Required fields are marked *