ਨੇਪਾਲ ਜਹਾਜ਼ ਹਾਦਸੇ ‘ਚ ਇਸ ਮਸ਼ਹੂਰ ਲੋਕ ਗਾਇਕਾ ਦੀ ਵੀ ਹੋਈ ਮੌਤ

ਬੀਤੇ ਦਿਨੀਂ ਯਾਨੀਕਿ ਐਤਵਾਰ ਨੂੰ ਨੇਪਾਲ ਦੇ ਪੋਖਰਾ ਵਿਚ ਵੱਡਾ ਜਹਾਜ਼ ਹਾਦਸਾ ਵਾਪਰਿਆ, ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਾਦਸੇ ‘ਚ ਹੁਣ ਤੱਕ ਵੱਡੀ ਗਿਣਤੀ ਵਿਚ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਜਹਾਜ਼ ਹਾਦਸੇ ਵਿਚ ਮਸ਼ਹੂਰ ਲੋਕ ਗਾਇਕਾ ਨੀਰਾ ਛੰਤਿਆਲਵੀ ਮੌਜ਼ੂਦ ਸੀ, ਜਿਸ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਨੀਰਾ ਵੀ ਕਾਠਮੰਡੂ ਤੋਂ ਪੋਖਰਾ ਜਾਣ ਵਾਲੀ ਫਲਾਈਟ ‘ਚ ਸਵਾਰ ਸੀ। 

ਦੱਸ ਦਈਏ ਕਿ ਘਟਨਾ ਸਥਾਨ ਤੋਂ ਹੁਣ ਤੱਕ 69 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਨੀਰਾ ਛੰਤਿਆਲ ਦੀ ਗੱਲ ਕਰੀਏ ਤਾਂ ਉਹ ਇੱਕ ਕੰਸਰਟ ਵਿਚ ਸ਼ਾਮਲ ਹੋਣ ਲਈ ਪੋਖਰਾ ਜਾ ਰਹੀ ਸੀ। ਨੀਰਾ ਛੰਤਿਆਲ ਨੇ ਇੱਕ ਮਹੀਨਾ ਪਹਿਲਾਂ ਯੂਟਿਊਬ ‘ਤੇ ਆਪਣਾ ਆਖ਼ਰੀ ਵੀਡੀਓ ਅਪਲੋਡ ਕੀਤਾ ਸੀ। ਉਹ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੀ ਸੀ ਪਰ ਜਦੋਂ ਵੀ ਉਹ ਕਿਤੇ ਪਰਫਾਰਮ ਕਰਦੀ ਸੀ ਤਾਂ ਆਪਣੇ ਗੀਤਾਂ ਦੇ ਵੀਡੀਓ ਜ਼ਰੂਰ ਸ਼ੇਅਰ ਕਰਦੀ ਸੀ। ਨੀਰਾ ਨੇ ਪਿਰਟਿਕੋ ਨਾਲ ਮਿਲ ਕੇ ਕਈ ਸੁਪਰਹਿੱਟ ਨੇਪਾਲੀ ਗੀਤ ਗਾਏ ਹਨ। ਸਥਾਨਕ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸਨ।

ਇਸ ਭਿਆਨਕ ਹਾਦਸੇ ਬਾਰੇ ਗੱਲ ਕਰਦੇ ਹੋਏ ਨੇਪਾਲ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਨਹੀਂ ਸਗੋਂ ਜਹਾਜ਼ ‘ਚ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ। ਅਥਾਰਟੀ ਦਾ ਕਹਿਣਾ ਹੈ ਕਿ ਜਹਾਜ਼ ਦੇ ਲੈਂਡਿੰਗ ਤੋਂ ਠੀਕ ਪਹਿਲਾਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ ਸਨ। ਵਾਇਰਲ ਹੋ ਰਹੀ ਵੀਡੀਓ ਵਿਚ ਜਹਾਜ਼ ਨੂੰ ਇੱਕ ਪਾਸੇ ਝੁਕਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਇਸ ਜਹਾਜ਼ ਵਿਚ 5 ਭਾਰਤੀ ਵੀ ਸਫ਼ਰ ਕਰ ਰਹੇ ਸਨ।

Add a Comment

Your email address will not be published. Required fields are marked *