ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਦੇਰ ਰਾਤ ਲਿਆਂਦੀ ਗਈ ਹਿਸਾਰ , ਅੱਜ ਹੋਵੇਗਾ ਅੰਤਿਮ ਸੰਸਕਾਰ

ਮੁੰਬਈ – ਭਾਜਪਾ ਆਗੂ, ਬਾਲੀਵੁੱਡ ਅਦਾਕਾਰਾ  ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਗੋਆ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੋਨਾਲੀ ਫੋਗਾਟ ਦੀ ਮ੍ਰਿਤਕ ਦੇਹ ਗੋਆ ਤੋਂ ਨਵੀਂ ਦਿੱਲੀ ਏਅਰਪੋਰਟ ਆਉਣ ਤੋਂ ਬਾਅਦ ਹਰਿਆਣਾ ਦੇ ਹਿਸਾਰ ਸਥਿਤ ਉਨ੍ਹਾਂ ਦੇ ਘਰ ਪਹੁੰਚਾ ਦਿੱਤੀ ਗਈ ਹੈ। ਰਾਤ ਕਰੀਬ 2.30 ਵਜੇ ਮ੍ਰਿਤਕ ਦੇਹ ਹਿਸਾਰ ਲਿਆਂਦੀ ਗਈ। 

ਅੱਜ ਹੋਵੇਗਾ ਅੰਤਿਮ ਸੰਸਕਾਰ 
ਦੱਸ ਦਈਏ ਕਿ ਅੱਜ 11 ਵਜੇ ਦੇ ਕਰੀਬ ਰਿਸ਼ੀ ਨਗਰ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੋਨਾਲੀ ਦੇ ਅੰਤਿਮ ਸੰਸਕਾਰ ‘ਚ ਭਾਜਪਾ ਦੇ ਸੀਨੀਅਰ ਨੇਤਾ, ਅਹੁਦੇਦਾਰ, ਵਰਕਰ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ। 

ਸੋਨਾਲੀ ਫੋਗਟ ਦੇ ਭਰਾ ਰਿੰਕੂ ਫੋਗਟ ਨੇ ਕਿਹਾ, ”ਅਸੀਂ ਸ਼ੁਰੂ ਤੋਂ ਹੀ ਇਸ ਮਾਮਲੇ ਵਿਚ ਗਲਤ ਕੰਮ ਕਰਨ ਦੀ ਗੱਲ ਕਰ ਰਹੇ ਸੀ। ਸੋਨਾਲੀ ਫੋਗਾਟ ਦੇ ਪੋਸਟਮਾਰਟਮ ‘ਚ ਵੀ ਇਹੀ ਗੱਲ ਸਾਹਮਣੇ ਆਈ ਹੈ। ਅਸੀਂ ਹੁਣ ਤੱਕ ਦੀ ਜਾਂਚ ਤੋਂ ਸੰਤੁਸ਼ਟ ਹਾਂ, ਅਸੀਂ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰਦੇ ਹਾਂ।”
ਦੱਸ ਦੇਈਏ ਕਿ ਸੋਨਾਲੀ ਦੇ ਪੋਸਟਮਾਰਟਮ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਸੀ, ਜਿਸ ਕਾਰਨ ਪਰਿਵਾਰ ਅਸੰਤੁਸ਼ਟ ਸੀ। 

ਪੋਸਟ ਮਾਰਟਮ ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ
ਸੋਨਾਲੀ ਫੋਗਾਟੋ ਦੇ ਭਰਾ ਰਿੰਕੂ ਦਾ ਕਹਿਣਾ ਹੈ ਕਿ, ”ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ 4 ਸੱਟਾਂ ਅਤੇ ਜ਼ਹਿਰ ਦੱਸਿਆ ਗਿਆ ਹੈ। ਅਸੀਂ ਸ਼ੁਰੂ ਤੋਂ ਹੀ ਹਾਰਟ ਅਟੈਕ ਦੇ ਕਾਰਨਾਂ ਤੋਂ ਇਨਕਾਰ ਕਰਦੇ ਆ ਰਹੇ ਹਾਂ। ਇਹ ਇੱਕ ਯੋਜਨਾਬੱਧ ਕਤਲ ਹੈ। ਸਾਨੂੰ ਪੀਏ ਸੁਧੀਰ ਸਾਗਵਾਨ ਅਤੇ ਸਾਥੀ ਸੁਖਵਿੰਦਰ ‘ਤੇ ਸ਼ੱਕ ਹੈ। ਇਹ ਦੋਵੇਂ ਸੋਨਾਲੀ ਦੇ ਕਤਲ ਵਿਚ ਬਰਾਬਰ ਦੇ ਸ਼ਾਮਲ ਹਨ।’

ਸਰੀਰ ‘ਤੇ ਸੱਟ ਦੇ ਨਿਸ਼ਾਨ
ਪੋਸਟਮਾਰਟਮ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੋਨਾਲੀ ਫੋਗਾਟ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਦੇ ਨਾਲ ਹੀ ਗੋਆ ਪੁਲਸ ਦਾ ਕਹਿਣਾ ਹੈ ਕਿ ਸੋਨਾਲੀ ਦੇ ਸਰੀਰ ‘ਤੇ ਕੋਈ ਤਿੱਖੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਗੋਆ ਪੁਲਸ ਨੇ ਵੀਰਵਾਰ ਨੂੰ ਹੋਈ ਸੋਨਾਲੀ ਫੋਗਾਟ ਦੀ ਮੌਤ ਦੇ ਦੋਸ਼ ‘ਚ ਦੋ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਗੋਆ ਜਾਣ ਦੀ ਕੋਈ ਨਹੀਂ ਸੀ ਯੋਜਨਾ 
ਰਿੰਕੂ ਨੇ ਦੱਸਿਆ ਕਿ ਸੋਨਾਲੀ ਫੋਗਾਟ ਦੀ ਗੋਆ ਜਾਣ ਦੀ ਕੋਈ ਯੋਜਨਾ ਨਹੀਂ ਸੀ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਉੱਥੇ ਲਿਆਂਦਾ ਗਿਆ ਸੀ। ਹੋਟਲ ਦੇ ਦੋ ਕਮਰੇ ਦੋ ਦਿਨਾਂ ਲਈ ਹੀ ਬੁੱਕ ਹੋਏ ਸਨ। ਜਦੋਂ ਕਿ ਫ਼ਿਲਮ ਦੀ ਸ਼ੂਟਿੰਗ 24 ਅਗਸਤ ਨੂੰ ਹੋਣੀ ਸੀ ਪਰ ਕਮਰਿਆਂ ਦੀ ਬੁਕਿੰਗ 21-22 ਅਗਸਤ ਲਈ ਹੀ ਕਿਉਂ ਕੀਤੀ ਗਈ।

Add a Comment

Your email address will not be published. Required fields are marked *