ਚੰਡੀਗੜ੍ਹ ‘ਚ ਇਨ੍ਹਾਂ ਥਾਵਾਂ ਅੱਗਿਓਂ ਲੰਘਦਿਆਂ ਰੱਖੋ Speed Limit ਦਾ ਧਿਆਨ, ਨਹੀਂ ਤਾਂ…

ਚੰਡੀਗੜ੍ਹ : ਹੁਣ ਸ਼ਹਿਰ ਦੇ ਸਕੂਲਾਂ, ਉੱਚ ਵਿਦਿਅਕ ਅਦਾਰਿਆਂ ਅਤੇ ਹਸਪਤਾਲਾਂ ਦੇ ਨੇੜੇ ਤੋਂ ਲੰਘਣ ਵਾਲੇ ਵਾਹਨਾਂ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਟ੍ਰੈਫਿਕ ਪੁਲਸ ਚਲਾਨ ਕੱਟੇਗੀ। ਯੂ. ਟੀ. ਪ੍ਰਸ਼ਾਸਕ ਦੀ ਮਨਜ਼ੂਰੀ ਤੋਂ ਬਾਅਦ ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਵੱਲੋਂ ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਇੰਜੀਨੀਅਰ ਵਿਭਾਗ ਵੱਲੋਂ ਸਾਰੇ ਸਕੂਲਾਂ, ਉੱਚ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਬਾਹਰ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ’ਤੇ ਸਪੀਡ ਲਿਮਟ ਸਬੰਧੀ ਬੋਰਡ ਲਗਾਏ ਜਾਣਗੇ।

ਇਹ ਬੋਰਡ ਟ੍ਰੈਫਿਕ ਪੁਲਸ ਨਾਲ ਸਲਾਹ ਕਰ ਕੇ ਹੀ ਲਗਾਏ ਜਾਣ ਤਾਂ ਜੋ ਅਜਿਹੀਆਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਇਸ ਸਬੰਧੀ ਸਹੀ ਜਾਣਕਾਰੀ ਮਿਲ ਸਕੇ। ਇਹ ਹੁਕਮ ਅੱਗੇ ਮੋਟਰ ਵ੍ਹੀਕਲ ਐਕਟ, 1988 ਦੀ ਧਾਰਾ 112 ਦੀ ਉਪ-ਧਾਰਾ (2) ਅਧੀਨ ਪ੍ਰਾਪਤ ਸ਼ਕਤੀਆਂ ਦੀ ਪਾਲਣਾ ਕਰਦੇ ਹੋਏ ਪਾਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਟ੍ਰੈਫਿਕ ਪੁਲਸ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਸ਼ਹਿਰ ਦੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਬਾਹਰ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਜੇਕਰ ਕੋਈ ਵੀ ਡਰਾਈਵਰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ ਵੱਧ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਸਵੇਰੇ ਅਤੇ ਛੁੱਟੀ ਦੌਰਾਨ ਜਦੋਂ ਬੱਚੇ ਸਕੂਲ ਆਉਂਦੇ ਹਨ ਅਤੇ ਸਕੂਲ ਤੋਂ ਬਾਹਰ ਜਾਂਦੇ ਹਨ ਤਾਂ ਬੱਚਿਆਂ ਦੀ ਭਾਰੀ ਭੀੜ ਹੁੰਦੀ ਹੈ। ਅਜਿਹੇ ਸਮੇਂ ਹਾਦਸੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਹਸਪਤਾਲਾਂ ਦੇ ਬਾਹਰ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਭੀੜ ਹੁੰਦੀ ਹੈ। ਅਜਿਹੇ ‘ਚ ਵਾਹਨਾਂ ਦੀ ਰਫ਼ਤਾਰ ਸੀਮਾ ਘੱਟ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਰੋਡ ਸੇਫਟੀ ਕੌਂਸਲ ਦੀ ਮੀਟਿੰਗ ‘ਚ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਕਈ ਫ਼ੈਸਲੇ ਲਏ ਗਏ ਸਨ।
ਕਈ ਸੜਕਾਂ ਨੂੰ ਨੋ ਸਟਾਪਿੰਗ ਅਤੇ ਨੋ ਪਾਰਕਿੰਗ ਜ਼ੋਨ ਐਲਾਨ ਕਰਨ ਦੀ ਵੀ ਤਿਆਰੀ
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਕਈ ਸੜਕਾਂ ਨੂੰ ਨੋ ਸਟਾਪਿੰਗ ਅਤੇ ਨੋ ਪਾਰਕਿੰਗ ਜ਼ੋਨ ਐਲਾਨ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ‘ਚ ਹਿਮਾਲਿਆ ਅਤੇ ਉਦਯੋਗ-ਸਰੋਵਰ ਮਾਰਗ ਸਮੇਤ ਸੈਂਟਰਲ, ਸਾਊਥ, ਜਨ, ਈਸਟ ਰੋਡ ਦੀਆਂ ਸੜਕਾਂ ਸ਼ਾਮਿਲ ਹੋਣਗੀਆਂ। ਇਹ ਫ਼ੈਸਲਾ ਵੀ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ‘ਚ ਲਿਆ ਗਿਆ। ਹਾਲਾਂਕਿ ਹਾਲੇ ਤੱਕ ਇਸ ਸਬੰਧੀ ਕੋਈ ਆਖ਼ਰੀ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਟੇਬਲ ਟਾਪ ਉਨ੍ਹਾਂ ਥਾਵਾਂ ’ਤੇ ਬਣਾਏ ਜਾ ਰਹੇ ਹਨ, ਜਿੱਥੇ ਦੁਰਘਟਨਾਵਾਂ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਕਿ ਮੱਧਿਆ ਮਾਰਗ ’ਤੇ ਢਿੱਲੋਂ ਬੈਰੀਅਰ ਤੋਂ ਪੀ. ਜੀ. ਆਈ. ਅਤੇ ਸਾਰੰਗਪੁਰ ਬੈਰੀਅਰ, ਜ਼ੀਰਕਪੁਰ ਬੈਰੀਅਰ ਤੋਂ ਧਨਾਸ ਮਿਲਕ ਕਾਲੋਨੀ ਲਾਈਟ ਪੁਆਇੰਟ ਤੋਂ ਦੱਖਣੀ ਮਾਰਗ ’ਤੇ, ਉਦਯੋਗ ਮਾਰਗ ਸੈਕਟਰ-14/15/24/25 ਦੇ ਚੌਂਕ ’ਤੇ ਆਈ. ਟੀ. ਆਈ. ਲਾਈਟ ਪੁਆਇੰਟ, ਜਨ ਮਾਰਗ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੌਂਕ ਤੋਂ ਸੈਕਟਰ 42/43-52/53 ਚੌਂਕ, ਸੈਕਟਰ-4/5/8/9 ਚੌਂਕ ਤੋਂ ਹਿਮਾਲਿਆ ਮਾਰਗ ਤੋਂ ਸੈਕਟਰ-51/52 ਲਾਈਟ ਪੁਆਇੰਟ ਤੱਕ, ਪੂਰਬੀ ਮਾਰਗ ’ਤੇ ਬਾਪੂਧਾਮ ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ-5/6 ਦੀ ਡਿਵਾਈਡਿੰਗ ਰੋਡ ਤੋਂ ਫੈਦਾਂ ਬੈਰੀਅਰ ਲਾਈਟ ਪੁਆਇੰਟ, ਸਰੋਵਰ ਮਾਰਗ ਤੋਂ ਕਾਲੋਨੀ ਨੰਬਰ 5 ਲਾਈਟ ਪੁਆਇੰਟ ਤੱਕ ਨੋ ਸਟਾਪਿੰਗ ਅਤੇ ਨੋ ਪਾਰਕਿੰਗ ਜ਼ੋਨ ਐਲਾਨਿਆ ਜਾਵੇਗਾ। ਪ੍ਰਸ਼ਾਸਨ ਵੱਲੋਂ ਬੱਸਾਂ, ਟਰੱਕਾਂ, ਟੈਕਸੀਆਂ ਅਤੇ ਵਪਾਰਕ ਵਾਹਨਾਂ ਲਈ ਸ਼ਹਿਰ ਦੀਆਂ ਸੜਕਾਂ ’ਤੇ ਖੱਬੀ ਲੇਨ ਰਾਖਵੀਂ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *