ਕੰਗਾਲ ਪਾਕਿਸਤਾਨ ‘ਚ ਭੋਜਨ ਦੀ ਘਾਟ ਬਣੀ ਵੱਡੀ ਆਫ਼ਤ, ਲੁੱਟ-ਖੋਹ ‘ਚ 3 ਲੋਕਾਂ ਦੀ ਮੌਤ

ਇਸਲਾਮਾਬਾਦ – ਕੰਗਾਲ ਪਾਕਿਸਤਾਨ ਦੀ ਆਰਥਿਕ ਹਾਲਤ ਉਂਝ ਹੀ ਖਰਾਬ ਹਨ। ਹੁਣ ਉਥੇ ਭੋਜਨ ਦਾ ਸੰਕਟ ਵੀ ਵਧ ਗਿਆ ਹੈ। ਉਥੇ ਹਾਲਾਤ ਇਹ ਹੋ ਗਏ ਹਨ ਕਿ ਗਰੀਬਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਹੈ। ਮਹਿੰਗਾਈ ਦੀ ਮਾਰ ਨਾਲ ਪਾਕਿਸਤਾਨ ਦੀ ਜਨਤਾ ਦੁਖੀ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਤੋਂ ਕੋਈ ਵੀ ਵੱਡੀ ਮਦਦ ਪਾਕਿਸਤਾਨ ਦੇ ਗਰੀਬ ਲੋਕਾਂ ਨੂੰ ਨਹੀਂ ਦੇ ਸਕੀ ਹੈ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਭੋਜਨ ਦੀ ਭਾਰੀ ਘਾਟ ਕਾਰਨ ਇਸਲਾਮਾਬਾਦ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੰਗੇ ਹੋਏ ਅਤੇ ਭੋਜਨ ਦੀ ਲੁੱਟ ਨੂੰ ਲੈ ਕੇ ਮਚੀ ਭਜਦੌੜ ਵਿੱਚ 3 ਲੋਕਾਂ ਦੀ ਮੌਤ ਹੋ ਗਈ। 

ਨੇਪਾਲ ਕੋਰਸਪੋਡੈਂਟ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਨਾਜ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਹਨ। ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਨੇ ਵਾਧੂ ਪੈਸੇ ਕਮਾਉਣ ਲਈ ਭੋਜਨ ਸਪਲਾਈ ਦੀ ਜਮ੍ਹਾਖੋਰੀ ਕੀਤੀ ਹੈ, ਜਦੋਂ ਕਿ ਲੋਕ ਬੁਨਿਆਦੀ ਜ਼ਰੂਰਤਾਂ ਲਈ ਕਤਾਰਾਂ ਵਿੱਚ ਹਨ। ਨੇਪਾਲ ਕੋਰਸਪੌਡੈਂਟ ਨੇ ਰਿਪੋਰਟ ਦਿੱਤੀ ਹੈ ਕਿ ਇਹ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਦੇ ਮੰਤਰੀ ਜਨਤਕ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿਰਫ਼ 285 ਮੀਲ ਦੂਰ ਇਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿੱਜੀ ਜੈੱਟ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਆਨੰਦ ਲੈ ਰਹੇ ਹਨ। ਦੱਸ ਦਈਏ ਕਿ ਪਾਕਿਸਤਾਨ ‘ਚ ਖਾਧ ਪਦਾਰਥਾਂ ਦੀ ਮਹਿੰਗਾਈ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਸ ਤੌਰ ‘ਤੇ ਸਾਲ 2022 ਵਿਚ ਆਏ ਹੜ੍ਹਾਂ ਤੋਂ ਬਾਅਦ ਖੁਰਾਕੀ ਮਹਿੰਗਾਈ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ।

Add a Comment

Your email address will not be published. Required fields are marked *