ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, ਬਜ਼ੁਰਗ ਔਰਤ ਦੀ ਦਮ ਘੁਟਣ ਕਾਰਨ ਮੌਤ

ਚੰਡੀਗੜ੍ਹ : ਸੈਕਟਰ-52 ਦੇ ਇਕ ਘਰ ’ਚ ਠੰਡ ਤੋਂ ਬਚਣ ਲਈ ਬਜ਼ੁਰਗ ਜੋੜਾ ਕੋਲੇ ਦੀ ਅੰਗੀਠੀ ਬਾਲ਼ ਕੇ ਸੌਂ ਗਿਆ। ਦੇਰ ਰਾਤ ਜਦੋਂ ਪੁੱਤਰ ਕਮਰੇ ਵਿਚ ਗਿਆ ਤਾਂ ਉਸ ਦੇ ਬਜ਼ੁਰਗ ਮਾਤਾ-ਪਿਤਾ ਬੇਹੋਸ਼ ਪਏ ਸਨ। ਪੁੱਤਰ ਉਨ੍ਹਾਂ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਦਮ ਘੁੱਟਣ ਕਾਰਨ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸੈਕਟਰ-52 ਦੀ ਰਹਿਣ ਵਾਲੀ 55 ਸਾਲਾ ਮਾਲਾ ਦੇਵੀ ਵਜੋਂ ਹੋਈ ਹੈ। ਦੂਜੇ ਪਾਸੇ ਬਜ਼ੁਰਗ ਭਗਵਾਨ ਦੱਤ ਤਿਵਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਕਮਰੇ ਵਿਚ ਅੰਗੀਠੀ ਕਾਰਨ ਗੈਸ ਪੈਦਾ ਹੋਣ ’ਤੇ ਮਾਲਾ ਦੇਵੀ ਦਾ ਦਮ ਘੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸੈਕਟਰ-52 ਦੇ ਵਸਨੀਕ ਅਸ਼ਵਨੀ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਐਤਵਾਰ ਰਾਤ ਨੂੰ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਮਾਤਾ ਮਾਲਾ ਦੇਵੀ ਅਤੇ ਪਿਤਾ ਭਗਵਾਨ ਦੱਤ ਤਿਵਾੜੀ ਨੇ ਕਮਰੇ ਵਿਚ ਕੋਲੇ ਦੀ ਅੰਗੀਠੀ ਬਾਲ਼ੀ। ਕੁਝ ਸਮੇਂ ਬਾਅਦ ਪਿਤਾ ਦਾ ਫੋਨ ਆਇਆ ਕਿ ਤੁਹਾਡੀ ਮਾਂ ਦੀ ਤਬੀਅਤ ਵਿਗੜ ਗਈ ਹੈ। ਉਹ ਜਲਦੀ ਘਰ ਪਹੁੰਚਿਆ ਅਤੇ ਪਿਤਾ ਨੂੰ ਦਰਵਾਜ਼ਾ ਖੋਲ੍ਹਣ ਲਈ ਬੁਲਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਉਸ ਨੇ ਪਹਿਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰ ਨੂੰ ਬੁਲਾ ਕੇ ਮੇਨ ਗੇਟ ਖੋਲ੍ਹਿਆ ਤੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਦਮ ਘੁੱਟ ਗਿਆ। ਉਸ ਨੇ ਗੁਆਂਢੀਆਂ ਦੀ ਮਦਦ ਨਾਲ ਮਾਪਿਆਂ ਨੂੰ ਕਮਰੇ ’ਚੋਂ ਬਾਹਰ ਕੱਢਿਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਤਾ-ਪਿਤਾ ਦੀ ਵਿਗੜਦੀ ਸਿਹਤ ਦੇਖ ਕੇ ਉਹ ਉਨ੍ਹਾਂ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਮਾਤਾ ਮਾਲਾ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ।

ਪਹਿਲੀ ਵਾਰ ਮਾਪਿਆਂ ਨੇ ਬਾਲ਼ੀ ਅੰਗੀਠੀ

ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕੜਾਕੇ ਦੀ ਠੰਡ ਕਾਰਨ ਮਾਪਿਆਂ ਨੇ ਪਹਿਲੀ ਵਾਰ ਅੰਗੀਠੀ ਬਾਲ਼ੀ ਸੀ। ਕੁਝ ਦੇਰ ਤਕ ਮਾਤਾ-ਪਿਤਾ ਕਮਰੇ ਦੇ ਬਾਹਰ ਅੰਗੀਠੀ ’ਤੇ ਅੱਗ ਬਾਲ਼ ਕੇ ਖਾਣਾ ਪਕਾਉਂਦੇ ਰਹੇ ਪਰ ਬਾਅਦ ’ਚ ਕਮਰੇ ਨੂੰ ਗਰਮ ਕਰਨ ਲਈ ਅੰਗੀਠੀ ਅੰਦਰ ਲੈ ਗਏ । ਕੋਲੇ ਕਾਰਨ ਕਮਰੇ ਵਿਚ ਗੈਸ ਬਣ ਜਾਣ ਕਾਰਨ ਆਕਸੀਜਨ ਖ਼ਤਮ ਹੋ ਗਈ।

ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ਦੇ ਦੋਸ਼

ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਨੇ ਸਮੇਂ ਸਿਰ ਚੰਡੀਗੜ੍ਹ ਪੁਲਸ ਨੂੰ ਫੋਨ ਕਰ ਕੇ ਐਂਬੂਲੈਂਸ ਮੰਗਵਾਈ ਸੀ ਪਰ ਉਹ ਸਮੇਂ ਸਿਰ ਨਹੀਂ ਪੁੱਜੀ। ਇਸ ਤੋਂ ਬਾਅਦ ਜਦੋਂ ਮਾਂ ਦੀ ਮ੍ਰਿਤਕ ਦੇਹ ਨੂੰ ਘਰ ਲੈ ਕੇ ਜਾਣ ਲਈ ਐਂਬੂਲੈਂਸ ਬੁਲਾਈ ਗਈ ਤਾਂ ਉਨ੍ਹਾਂ ਨੇ ਲਾਸ਼ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਪੁਲਸ ਮੁਲਾਜ਼ਮਾਂ ਨੇ ਲਾਸ਼ ਨੂੰ ਨਿੱਜੀ ਐਂਬੂਲੈਂਸ ਰਾਹੀਂ ਘਰ ਲੈ ਕੇ ਜਾਣ ਲਈ ਕਿਹਾ।

Add a Comment

Your email address will not be published. Required fields are marked *