ਦਿੱਲੀ ਹਾਦਸੇ ’ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਮਸੀਹਾ ਬਣੇ ਸ਼ਾਹਰੁਖ ਖ਼ਾਨ

ਮੁੰਬਈ – ਸ਼ਾਹਰੁਖ ਖ਼ਾਨ ਸਿਰਫ ਬਾਲੀਵੁੱਡ ਦੇ ਹੀ ਨਹੀਂ ਅਸਲ ਜ਼ਿੰਦਗੀ ’ਚ ਵੀ ਬਾਦਸ਼ਾਹ ਹਨ। ਉਨ੍ਹਾਂ ਦੀ ਦਰਿਆਦਿਲੀ ਦੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕੋਰੋਨਾ ਮਹਾਮਾਰੀ ’ਚ ਸ਼ਾਹਰੁਖ ਖ਼ਾਨ ਨੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਦੀ ਮਦਦ ਕੀਤੀ। ਇਥੋਂ ਤੱਕ ਕਿ ਆਪਣੇ ਮੁੰਬਈ ਦਫ਼ਤਰ ਨੂੰ ਕੋਵਿਡ ਸੈਂਟਰ ਵਜੋਂ ਵਰਤਣ ਲਈ ਵੀ ਦਿੱਤਾ। ਹੁਣ ਉਨ੍ਹਾਂ ਦੀ ਦਰਿਆਦਿਲੀ ਦੀ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਹਮਣੇ ਆਈ ਹੈ।

ਸ਼ਾਹਰੁਖ ਖ਼ਾਨ ਨੇ ਕੀਤੀ ਮਦਦ
ਤੁਸੀਂ ਦਿੱਲੀ ’ਚ ਹੋਏ ਦਰਦਨਾਕ ਹਾਦਸੇ ਤੇ ਇਸ ’ਚ ਮਰਨ ਵਾਲੀ ਅੰਜਲੀ ਸਿੰਘ ਬਾਰੇ ਸੁਣਿਆ ਹੋਵੇਗਾ। ਅੰਜਲੀ ਦੀ ਮੌਤ ਦੀ ਖ਼ੌਫਨਾਕ ਕਹਾਣੀ ਨੇ ਰਾਜਧਾਨੀ ’ਚ ਰਹਿਣ ਵਾਲੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਜਲੀ ਆਪਣੇ ਘਰ ’ਚ ਇਕਲੌਤੀ ਕਮਾਉਣ ਵਾਲੀ ਸੀ। ਅਜਿਹੇ ’ਚ ਹੁਣ ਖ਼ਬਰ ਹੈ ਕਿ ਸ਼ਾਹਰੁਖ ਖ਼ਾਨ ਨੇ ਆਪਣੇ ਮੀਰ ਫਾਊਂਡੇਸ਼ਨ ਰਾਹੀਂ ਅੰਜਲੀ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ।

ਅੰਜਲੀ ਆਪਣੇ ਘਰ ’ਚ ਇਕੱਲੀ ਕਮਾਉਣ ਵਾਲੀ ਸੀ। ਉਸ ਦੇ ਘਰ ਉਸ ਦੀ ਮਾਂ ਤੇ ਭੈਣ-ਭਰਾ ਹਨ। ਅਜਿਹੇ ’ਚ ਸ਼ਾਹਰੁਖ ਦੀ ਮੀਰ ਫਾਊਂਡੇਸ਼ਨ ਪੀੜਤਾ ਦੀ ਮਾਂ ਦੇ ਇਲਾਜ ’ਚ ਮਦਦ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਅੰਜਲੀ ਦੇ ਭੈਣ-ਭਰਾ ਲਈ ਵੀ ਲੋੜੀਂਦੀ ਮਦਦ ਕੀਤੀ ਜਾਵੇਗੀ।

31 ਦਸੰਬਰ ਨੂੰ ਵਾਪਰਿਆ ਭਿਆਨਕ ਹਾਦਸਾ
ਇਸ ਮਾਮਲੇ ਦੀ ਗੱਲ ਕਰੀਏ ਤਾਂ 31 ਦਸੰਬਰ, 2022 ਦੀ ਰਾਤ ਅੰਜਲੀ ਸਿੰਘ ਆਪਣੀ ਸਹੇਲੀ ਨਿਧੀ ਨਾਲ ਸਕੂਟੀ ’ਤੇ ਘਰੋਂ ਨਿਕਲੀ ਸੀ। ਕਾਂਝਵਾਲਾ ਰੋਡ ’ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ’ਚ ਨਿਧੀ ਵਾਲ-ਵਾਲ ਬਚ ਗਈ ਪਰ ਅੰਜਲੀ ਕਾਰ ਦੇ ਹੇਠਾਂ ਫਸ ਗਈ। ਇਸ ਗੱਡੀ ’ਚ ਬੈਠੇ ਨੌਜਵਾਨਾਂ ਨੇ ਅੰਜਲੀ ਨੂੰ ਕਰੀਬ 12 ਕਿਲੋਮੀਟਰ ਤੱਕ ਘਸੀਟਿਆ। ਪੁਲਸ ਨੇ ਇਸ ਮਾਮਲੇ ’ਚ ਸਾਰੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਮੁਲਜ਼ਮ ਪੁਲਸ ਹਿਰਾਸਤ ’ਚ ਹਨ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸ਼ਾਹਰੁਖ ਖ਼ਾਨ ਦੀ ਮੀਰ ਫਾਊਂਡੇਸ਼ਨ ਲੋੜਵੰਦਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਸੀ। ਇਹ ਫਾਊਂਡੇਸ਼ਨ ਮਹਿਲਾ ਸਸ਼ਕਤੀਕਰਨ ’ਤੇ ਵੀ ਕੰਮ ਕਰਦੀ ਹੈ। ਇਸ ਫਾਊਂਡੇਸ਼ਨ ਰਾਹੀਂ ਸੁਪਰਸਟਾਰ ਪਹਿਲਾਂ ਵੀ ਔਰਤਾਂ ਤੇ ਬੱਚਿਆਂ ਦੀ ਮਦਦ ਕਰ ਚੁੱਕੇ ਹਨ। ਇਸ ਫਾਊਂਡੇਸ਼ਨ ਦਾ ਨਾਂ ਸ਼ਾਹਰੁਖ ਖ਼ਾਨ ਦੇ ਪਿਤਾ ਮੀਰ ਤਾਜ ਮੁਹੰਮਦ ਦੇ ਨਾਂ ’ਤੇ ਰੱਖਿਆ ਗਿਆ ਸੀ।

Add a Comment

Your email address will not be published. Required fields are marked *