ਪਾਕਿਸਤਾਨ ਪੁਲਸ ਦੀ ਵੱਡੀ ਕਾਰਵਾਈ, 5 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਲਾਹੌਰ : ਪਾਕਿਸਤਾਨੀ ਪੁਲਸ ਨੇ ਸ਼ਨੀਵਾਰ ਨੂੰ ਪੰਜਾਬ ਸੂਬੇ ’ਚ ਖੁਫੀਆ ਜਾਣਕਾਰੀ ’ਤੇ ਆਧਾਰਿਤ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਸ ਦੇ ਅੱਤਵਾਦੀ ਰੋਕੂ ਵਿਭਾਗ (ਸੀ.ਟੀ.ਡੀ) ਮੁਤਾਬਕ ਅੱਤਵਾਦੀਆਂ ਨੂੰ ਪੰਜਾਬ ਦੇ ਲਾਹੌਰ, ਓਕਰਾ, ਮੰਡੀ ਬਹਾਊਦੀਨ, ਫੈਸਲਾਬਾਦ ਅਤੇ ਲੈੱਆਹ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੀ.ਟੀ.ਡੀ ਨੇ ਇਕ ਬਿਆਨ ਵਿਚ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਕਬਜ਼ੇ ਤੋਂ ਵਿਸਫੋਟਕ ਸਮੱਗਰੀ, ਆਤਮਘਾਤੀ ਜੈਕੇਟ, ਹਥਿਆਰ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤਾ ਗਿਆ ਹੈ।

ਹਾਲਾਂਕਿ, ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਹੈ ਕਿ ਕੀ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ) ਦੇ ਦੋ ਅਧਿਕਾਰੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਸਿੱਧਾ ਸਬੰਧ ਸੀ ਜਾਂ ਨਹੀਂ। 3 ਜਨਵਰੀ ਨੂੰ ਲਾਹੌਰ ਤੋਂ ਲਗਭਗ 375 ਕਿਲੋਮੀਟਰ ਦੂਰ ਖਾਨੇਵਾਲ ਵਿੱਚ ਆਈ.ਐੱਸ.ਆਈ ਦੇ ਮੁਲਤਾਨ ਦੇ ਖੇਤਰੀ ਨਿਰਦੇਸ਼ਕ ਨਵੀਦ ਸਾਦਿਕ ਅਤੇ ਇੰਸਪੈਕਟਰ ਨਾਸਿਰ ਅੱਬਾਸ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪਿੱਛੇ ਟੀ.ਟੀ.ਪੀ ਦਾ ਹੱਥ ਹੋਣ ਦਾ ਸ਼ੱਕ ਸੀ।

Add a Comment

Your email address will not be published. Required fields are marked *