ਕੈਨੇਡਾ ‘ਚ ਸਿੱਖ ਔਰਤ ਨੇ ਬੱਚਿਆਂ ਲਈ ਡਿਜ਼ਾਈਨ ਕੀਤੇ ਸਪੈਸ਼ਲ Sikh Helmets

ਟੋਰਾਂਟੋ – ਟੋਰਾਂਟੋ ਦੀ ਰਹਿਣ ਵਾਲੀ ਟੀਨਾ ਸਿੰਘ ਨੇ ਇਕ ਅਜਿਹਾ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਸਿੱਖ ਬੱਚੇ ਆਸਾਨੀ ਨਾਲ ਸਾਈਕਲਿੰਗ ਕਰ ਸਕਦੇ ਹਨ। ਦਰਅਸਲ ਟੀਨਾ ਸਿੰਘ ਦੇ ਬੱਚੇ ਸਾਈਕਲਿੰਗ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਕਈ ਤਰ੍ਹਾਂ ਦੇ ਹੈਲਮੇਟ ਟਰਾਈ ਕੀਤੇ ਪਰ ਕੋਈ ਵੀ ਹੈਲਮੇਟ ਉਨ੍ਹਾਂ ਦੇ ਸਿਰਾਂ ‘ਤੇ ਸੁਰੱਖਿਅਤ ਢੰਗ ਨਾਲ ਫਿੱਟ ਨਹੀਂ ਹੁੰਦਾ ਸੀ। 3 ਬੱਚਿਆਂ ਦੀ ਮਾਂ ਟੀਨਾ ਸਿੰਘ ਨੇ ਸੀਬੀਸੀ ਟੋਰਾਂਟੋ ਨੂੰ ਦੱਸਿਆ ਕਿ ਮੇਰੇ ਬੱਚਿਆ ਨੇ ਜੂੜਾ ਰੱਖਿਆ ਹੋਇਆ ਹੈ। ਇਸ ਲਈ ਜਦੋਂ ਵੀ ਉਹ ਸਾਈਕਲ ਚਲਾਉਣ ਲਈ ਬਾਹਰ ਜਾਂਦੇ ਹਨ ਤਾਂ ਉਹ ਹੈਲਮੇਟ ਪਾਉਂਦੇ ਹਨ ਪਰ ਉਨ੍ਹਾਂ ਨੂੰ ਕੁੱਝ ਵੀ ਠੀਕ ਤਰ੍ਹਾਂ ਫਿੱਟ ਨਹੀਂ ਹੁੰਦਾ ਸੀ। 

ਉਹ ਜਾਣਦੀ ਸੀ ਕਿ ਇੱਕ ਚੰਗੀ ਤਰ੍ਹਾਂ ਫਿਟਿੰਗ ਸਾਈਕਲ ਹੈਲਮੇਟ ਹੋਣਾ ਕਿੰਨਾ ਜ਼ਰੂਰੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਨਿਰਾਸ਼ ਸੀ ਕਿ ਮੇਰੇ ਬੱਚਿਆਂ ਲਈ ਸਪੋਰਟਸ ਹੈਲਮੇਟ ਵਿੱਚ ਕੋਈ ਸੁਰੱਖਿਅਤ ਵਿਕਲਪ ਨਹੀਂ ਸੀ। ਉਹ ਆਪਣੇ ਬੱਚਿਆਂ ਦੇ ਕੇਸ ਵੀ ਨਹੀਂ ਕਟਵਾਉਣਾ ਚਾਹੁੰਦੀ ਸੀ, ਜਿਸ ਨੂੰ ਵੇਖਦੇ ਹੋਏ ਟੀਨਾ ਨੇ ਖੁਦ ਅਜਿਹਾ ਹੈਲਮੇਟ ਤਿਆਰ ਕੀਤਾ, ਜਿਸ ਨੂੰ ਸਿੱਖ ਬੱਚੇ ਸਿਰ ‘ਤੇ ਜੂੜਾ ਸਜਾ ਕੇ ਵੀ ਪਹਿਣ ਸਕਦੇ ਹਨ ਤੇ ਖੇਡਾਂ ਵਿੱਚ ਸੁਰੱਖਿਅਤ ਢੰਗ ਨਾਲ ਹਿੱਸਾ ਲੈ ਸਕਦੇ ਹਨ। ਟੀਨਾ ਦਾ ਕਹਿਣਾ ਹੈ ਕਿ ਇਹ ਪਹਿਲਾ ਸੁਰੱਖਿਆ ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹੈ, ਜੋ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬੱਚਿਆਂ ਵਰਗੇ ਬੱਚਿਆਂ ਲਈ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਹੈਲਮੇਟ ਦੇ ਵੱਖ-ਵੱਖ ਸੰਸਕਰਣਾਂ ‘ਤੇ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਪ੍ਰੀਖਣ ਕੀਤਾ ਅਤੇ ਹੁਣ ਇਹ ਉਤਪਾਦਨ ਵਿੱਚ ਹੈ ਅਤੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਸਾਈਕਲ, ਇਨਲਾਈਨ ਸਕੇਟ, ਕਿੱਕ ਸਕੂਟਰ ਅਤੇ ਸਕੇਟਬੋਰਡਿੰਗ ਵਿਚ ਵਰਤੋਂ ਲਈ ਪ੍ਰਮਾਣਿਤ ਹੈ।

Add a Comment

Your email address will not be published. Required fields are marked *