1971 ਦੀ ਜੰਗ ’ਚ ਭਾਰਤ ਦੇ ਸਾਹਮਣੇ ਆਤਮਸਮਰਪਣ ਦਾ ਚਿੱਤਰ ਜਨਤਕ ਕਰ ਕੇ ਤਾਲਿਬਾਨ ਨੇ ਪਾਕਿ ਨੂੰ ਕੀਤਾ ਸ਼ਰਮਸਾਰ

ਕਾਬੁਲ – ਪਾਕਿਸਤਾਨ ਨੂੰ ਰੋਜ਼ ਆਪਣੀ ਦਵਾਈ ਦਾ ਸਵਾਦ ਚੱਖਣ ਨੂੰ ਮਿਲ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਵਲੋਂ ਸਮਾਨਾਂਤਰ ਸਰਕਾਰ ਦੇ ਐਲਾਨ ਤੋਂ ਬਾਅਦ ਹੁਣ ਅਫਗਾਨ ਤਾਲਿਬਾਨ ਦੇ ਇਕ ਮੈਂਬਰ ਨੇ 1971 ਦੇ ਜੰਗ ਵਿਚ ਭਾਰਤ ਦੇ ਸਾਹਮਣੇ ਪਾਕਿਸਤਾਨ ਦੇ ਆਤਮਸਮਰਪਣ ਕਰਨ ਦਾ ਚਿੱਤਰ ਪੇਸ਼ ਕਰ ਕੇ ਉਸਨੂੰ ਜਨਤਕ ਤੌਰ ’ਤੇ ਸ਼ਰਮਸਾਰ ਕੀਤਾ ਹੈ।

ਤਾਲਿਬਾਨ ਦੇ ਮੈਂਬਰ ਅਹਿਮਦ ਯਾਸਿਰ ਨੇ ਤਾਲਿਬਾਨ ’ਤੇ ਹਮਲਾ ਕਰਨ ਖ਼ਿਲਾਫ਼ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ- ਪਾਕਿਸਤਾਨ ਦੇ ਸਤਿਕਾਰਯੋਗ ਗ੍ਰਹਿ ਮੰਤਰੀ! ਅਫਗਾਨਿਸਤਾਨ ਨੂੰ ਸੀਰੀਆ ਵਿਚ ਕੁਰਦਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਤੁਰਕੀ ਨਾ ਸਮਝ ਲੈਣਾ, ਇਹ ਅਫਗਾਨਿਸਤਾਨ ਹੈ, ਹੰਕਾਰੀ ਸਮਰਾਜਾਂ ਦਾ ਕਬਰਸਤਾਨ। ਸਾਡੇ ’ਤੇ ਫ਼ੌਜੀ ਹਮਲਾ ਕਰਨ ਦੀ ਸੋਚਣਾ ਵੀ ਨਾ ਨਹੀਂ ਤਾਂ ਭਾਰਤ ਦੇ ਸਾਹਮਣੇ ਗੋਡੇ ਟੇਕਣ ਦੀ ਸ਼ਰਮਸਾਰ ਘਟਨਾ ਦੁਬਾਰਾ ਹੋਵੇਗੀ।ਜ਼ਿਕਰਯੋਗ ਹੈ ਕਿ 1971 ਵਿਚ ਸਭ ਤੋਂ ਵੱਡੇ ਫ਼ੌਜੀ ਆਤਮਸਮਰਪਣ ਵਿਚ ਪਾਕਿਸਤਾਨੀ ਫ਼ੌਜ ਦੇ 93,000 ਫ਼ੌਜੀਆਂ ਨੇ ਭਾਰਤੀ ਫ਼ੌਜ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸਨ ਅਤੇ ਇਕ ਮੁਕਤ ਨਵੇਂ ਰਾਸ਼ਟਰ ਬੰਗਲਾਦੇਸ਼ ਦਾ ਜਨਮ ਹੋਇਆ ਸੀ।

ਜ਼ਿਕਰਯੋਗ ਹੈ ਕਿ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ਦੀਆਂ ਅੱਤਵਾਦੀ ਸਰਗਰਮੀਆਂ ਨਾਲ ਪਾਕਿਸਤਾਨ ਦਹਿਲ ਰਿਹਾ ਹੈ ਅਤੇ ਰੋਜ਼ਾਨਾ ਉਸਦੇ ਹਮਲਿਆਂ ਵਿਚ ਪਾਕਿਸਤਾਨੀ ਫ਼ੌਜੀ ਅਤੇ ਪੁਲਸ ਜਵਾਨ ਮਾਰੇ ਜਾ ਰਹੇ ਹਨ। ਹੁਣ ਟੀ. ਟੀ. ਪੀ. ਨੇ ਸਮਾਨਾਂਤਰ ਸਰਕਾਰ ਦਾ ਐਲਾਨ ਵੀ ਕਰ ਦਿੱਤਾ ਹੈ ਤਾਂ ਅਜਿਹੇ ਵਿਚ ਸੋਮਵਾਰ ਰਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿਚ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਨੇ ਫ਼ੈਸਲਾ ਕੀਤਾ ਕਿ ਕਿਸੇ ਦੇਸ਼ ਨੂੰ ਅੱਤਵਾਦੀਆਂ ਦਾ ਬਾਗ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਪਾਕਿਸਤਾਨ ਕੋਲ ਆਪਣੇ ਲੋਕਾਂ ਦੀ ਸੁਰੱਖਿਆ ਦੇ ਸਾਰੇ ਅਧਿਕਾਰ ਸੁਰੱਖਿਅਤ ਹਨ। ਪਾਕਿਸਤਾਨ ਦੀ ਇਸ ਚਿਤਾਵਨੀ ਤੋਂ ਬਾਅਦ ਤਾਲਿਬਾਨ ਵਲੋਂ ਉਸਨੂੰ ਅਫਗਾਨਿਸਤਾਨ ’ਤੇ ਹਮਲਾ ਕਰਨ ਪ੍ਰਤੀ ਆਗਾਹ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸਨਾਉੱਲਾਹ ਰਾਣਾ ਵੀ ਤਾਲਿਬਾਨੀ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦੇ ਰਹਿੰਦੇ ਹਨ।

Add a Comment

Your email address will not be published. Required fields are marked *