IND vs AFG ਮੈਚ ਦੌਰਾਨ ਸਟੇਡੀਅਮ ‘ਚ ਹੋਈ ਲੜਾਈ

ਭਾਰਤ ਨੇ ਆਈ. ਸੀ. ਸੀ. ਵਿਸ਼ਵ ਕੱਪ 2023 ਦੇ 9ਵੇਂ ਮੈਚ ਵਿੱਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਭਾਰਤ ਨੂੰ 8 ਵਿਕਟਾਂ ਗੁਆ ਕੇ 273 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਸਿਰਫ 35 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇੱਕ ਪਾਸੇ ਜਿੱਥੇ ਗਰਾਊਂਡ ਦੇ ਚਾਰੇ ਪਾਸੇ ਕਪਤਾਨ ਰੋਹਿਤ ਦੇ ਵੱਡੇ ਸ਼ਾਟ ਦੇਖਣ ਨੂੰ ਮਿਲੇ, ਉੱਥੇ ਹੀ ਦੂਜੇ ਪਾਸੇ ਸਟੇਡੀਅਮ ਵਿੱਚ ਮੌਜੂਦ ਕੁਝ ਦਰਸ਼ਕਾਂ ਵਿਚਾਲੇ ਜ਼ਬਰਦਸਤ ਲੜਾਈ ਵੀ ਦੇਖਣ ਨੂੰ ਮਿਲੀ।

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਰਸ਼ਕਾਂ ਵੱਲੋਂ ਖੂਬ ਰੌਲਾ ਪਾਇਆ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਹੋਈ, ਜਿਸ ‘ਚ ਲੜਕਿਆਂ ਦੇ ਦੋ ਧੜਿਆਂ ‘ਚ ਲੜਾਈ ਹੋਈ। ਲੜਾਈ ਦੌਰਾਨ ਲੜਕੇ ਇਕ ਦੂਜੇ ‘ਤੇ ਘਸੁੰਨ-ਮੁੱਕੇ ਵਰ੍ਹਾਉਣ ਲਗ ਪਏ। ਵਾਇਰਲ ਹੋਈ 55 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਮੁੰਡੇ ਆਪਸ ਵਿੱਚ ਲੜਦੇ ਹਨ। ਹਾਲਾਂਕਿ ਮਾਮਲੇ ਦੀ ਜਾਣਕਾਰੀ ਨਹੀਂ ਮਿਲ ਸਕੀ ਪਰ ਰੋਹਿਤ ਦੇ ਚੌਕੇ-ਛੱਕਿਆਂ ਦਰਮਿਆਨ ਦਰਸ਼ਕਾਂ ਦੀ ਆਪਸੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਅਫਗਾਨਿਸਤਾਨ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਰੋਹਿਤ ਨੇ 84 ਗੇਂਦਾਂ ‘ਚ 16 ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 131 ਦੌੜਾਂ ਬਣਾਉਣ ਤੋਂ ਇਲਾਵਾ ਈਸ਼ਾਨ ਕਿਸ਼ਨ (47) ਨਾਲ ਪਹਿਲੀ ਵਿਕਟ ਲਈ 112 ਗੇਂਦਾਂ ‘ਚ 156 ਦੌੜਾਂ ਅਤੇ ਵਿਰਾਟ ਕੋਹਲੀ (ਅਜੇਤੂ 55) ਨਾਲ ਦੂਜੀ ਵਿਕਟ ਲਈ 42 ਗੇਂਦਾਂ ‘ਤੇ 49 ਦੌੜਾਂ ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ ਸ਼੍ਰੇਅਸ ਅਈਅਰ (ਅਜੇਤੂ 25) ਦੇ ਨਾਲ 56 ਗੇਂਦਾਂ ਵਿੱਚ 68 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਨੇ ਅਫਗਾਨਿਸਤਾਨ ਨੂੰ ਅੱਠ ਵਿਕਟਾਂ ‘ਤੇ 272 ਦੌੜਾਂ ‘ਤੇ ਰੋਕ ਕੇ ਟੀਚਾ 35 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਆਪਣੀ ਨੈੱਟ ਰਨ ਰੇਟ ਵਿੱਚ ਸੁਧਾਰ ਕੀਤਾ ਅਤੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਆ ਗਈ।

ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੇ ਫਜ਼ਲਹਕ ਫਾਰੂਕੀ ਦੇ ਖਿਲਾਫ ਹਮਲਾਵਰ ਰਵੱਈਆ ਦਿਖਾਇਆ ਅਤੇ ਇਸ ਖੱਬੇ ਹੱਥ ਦੇ ਗੇਂਦਬਾਜ਼ ਦੇ ਪਹਿਲੇ ਚਾਰ ਓਵਰਾਂ ਵਿੱਚ ਪੰਜ ਚੌਕੇ ਅਤੇ ਦੋ ਛੱਕੇ ਜੜੇ। ਇਸ ਦੌਰਾਨ ਉਸ ਨੇ ਵਿਸ਼ਵ ਕੱਪ ਵਿੱਚ 19 ਪਾਰੀਆਂ ਵਿੱਚ 1000 ਦੌੜਾਂ ਪੂਰੀਆਂ ਕਰਕੇ ਡੇਵਿਡ ਵਾਰਨਰ ਦੀ ਬਰਾਬਰੀ ਕਰ ਲਈ। ਭਾਰਤੀ ਕਪਤਾਨ ਨੇ ਨਵੀਨ ਉਲ ਹੱਕ ‘ਤੇ ਚੌਕਾ ਲਗਾ ਕੇ 30 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ 85 ਮੀਟਰ ਲੰਬਾ ਛੱਕਾ ਲਗਾ ਕੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਕ੍ਰਿਸ ਗੇਲ ਦੇ ਨਾਂ ਸੀ ਜਿਸ ਨੇ 483 ਮੈਚਾਂ (ਟੈਸਟ, ਵਨਡੇ ਅਤੇ ਟੀ-20 ਇੰਟਰਨੈਸ਼ਨਲ) ‘ਚ 553 ਛੱਕੇ ਲਗਾਏ ਸਨ। ਰੋਹਿਤ ਦੇ ਨਾਂ 453 ਪਾਰੀਆਂ ‘ਚ 556 ਛੱਕੇ ਹਨ। ਭਾਰਤੀ ਟੀਮ ਨੇ 12ਵੇਂ ਓਵਰ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਜਿਸ ਵਿੱਚ ਕਿਸ਼ਨ ਦਾ ਯੋਗਦਾਨ ਸਿਰਫ਼ 14 ਦੌੜਾਂ ਸੀ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ 13ਵੇਂ ਓਵਰ ਵਿਚ ਨਬੀ ਦੇ ਖਿਲਾਫ ਚੌਕਾ ਤੇ ਫਿਰ ਸਲੋਗ ਸਵੀਪ ‘ਤੇ ਇਕ ਛੱਕਾ ਲਗਾ ਕੇ ਨਬੀ ਵਿਰੁੱਧ ਆਪਣਾ ਹੱਥ ਖੋਲ੍ਹਿਆ। ਰੋਹਿਤ ਨੇ 18ਵੇਂ ਓਵਰ ‘ਚ ਨਬੀ ਖਿਲਾਫ 63 ਗੇਂਦਾਂ ‘ਚ ਚੌਕੇ ਅਤੇ ਇਕ ਦੌੜ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਵਿਸ਼ਵ ਕੱਪ ਵਿੱਚ ਰੋਹਿਤ ਦਾ ਇਹ ਰਿਕਾਰਡ ਸੱਤਵਾਂ ਸੈਂਕੜਾ ਹੈ। ਵਿਸ਼ਵ ਕੱਪ ‘ਚ ਭਾਰਤੀ ਬੱਲੇਬਾਜ਼ਾਂ ਦਾ ਇਹ ਸਭ ਤੋਂ ਤੇਜ਼ ਸੈਂਕੜਾ ਹੈ।

Add a Comment

Your email address will not be published. Required fields are marked *